ਪੰਜਾਬ ਯੂਥ ਕਾਂਗਰਸ ਅਣਗੌਲੇ ਪੁਰਾਣੇ ਕਾਂਗਰਸੀ ਵਰਕਰਾਂ ਨੂੰ  ਘਰ-ਘਰ ਜਾ ਕੇ ਸਨਮਾਨਤ ਕਰੇਗੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਯੂਥ ਕਾਂਗਰਸ ਅਣਗੌਲੇ ਪੁਰਾਣੇ ਕਾਂਗਰਸੀ ਵਰਕਰਾਂ ਨੂੰ  ਘਰ-ਘਰ ਜਾ ਕੇ ਸਨਮਾਨਤ ਕਰੇਗੀ

image. .

ਬਰਿੰਦਰ ਢਿੱਲੋਂ ਦੀ ਅਗਵਾਈ ਹੇਠ ਸ਼ੁਰੂ ਕੀਤੀ 'ਕਾਂਗਰਸ ਦੇ ਹੀਰੇ' ਮੁਹਿੰਮ

ਚੰਡੀਗੜ੍ਹ, 2 ਸਤੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਯੂਥ ਕਾਂਗਰਸ ਨੇ ਵੱਡੀ ਪਹਿਲਕਦਮੀ ਕਰਦਿਆਂ ਪਾਰਟੀ ਵਿਚ ਅਣਗੌਲੇ ਹੋਏ ਲੰਮੇ ਸਮੇਂ ਤੋਂ ਨਿਰਸਵਾਰਥ ਕੰਮ ਕਰ ਰਹੇ ਵਰਕਰਾਂ ਨੂੰ  ਘਰ-ਘਰ ਜਾ ਕੇ ਸਨਮਾਨਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ |
'ਕਾਂਗਰਸ ਦੇ ਹੀਰੇ' ਨਾਂ ਹੇਠ ਇਸ ਮੁਹਿੰਮ ਦੀ ਸ਼ੁਰੂਆਤ ਅੱਜ ਇਥੇ ਪੰਜਾਬ ਕਾਂਗਰਸ ਭਵਨ ਵਿਚ ਸੱਦੀ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵਲੋਂ ਕੁੱਝ ਪੁਰਾਣੇ ਕਾਂਗਰਸੀ ਵਰਕਰਾਂ ਦੇ ਸਨਮਾਨ ਨਾਲ ਸ਼ੁਰੂ ਕੀਤੀ | ਉਨ੍ਹਾਂ ਇਸ ਮੌਕੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਪੁਰਾਣੇ ਅਣਥੱਕ ਪਾਰਟੀ ਵਰਕਰਾਂ ਦਾ ਮਾਣ ਸਨਮਾਨ ਵਧਾਉਣਾ ਹੈ ਤਾਂ ਜੋ ਨਵੇਂ ਮੈਂਬਰ ਇਸ ਤੋਂ ਪੇ੍ਰਰਣਾ ਲੈ ਸਕਣ | ਢਿੱਲੋਂ ਨੇ ਕਿਹਾ ਕਿ ਕੋਈ ਵੀ ਪਾਰਟੀ ਵਰਕਰਾਂ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਦੀ | ਪਾਰਟੀ ਤੇ ਸਰਕਾਰਾਂ ਵਰਕਰ ਹੀ ਬਣਾਉਂਦੇ ਹਨ ਅਤੇ ਇਨ੍ਹਾਂ ਦਾ ਮਾਨ ਸਨਮਾਨ ਕਾਇਮ ਰੱਖਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਪਾਰਟੀ ਵਰਕਰਾਂ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਰਗੇ ਆਗੂ ਪ੍ਰੇਰਣਾ ਸਰੋਤ ਹਨ | ਸੋਨੀਆ ਗਾਂਧੀ ਪ੍ਰੇਰਣਾ ਸਰੋਤ ਹਨ ਜਿਨ੍ਹਾਂ ਮਨਮੋਹਨ ਸਿੰਘ ਵਰਗੇ ਇਮਾਨਦਾਰ ਆਗੂ ਲਈ ਪ੍ਰਧਾਨ ਮੰਤਰੀ ਤਕ ਦਾ ਅਹੁਦਾ ਤਿਆਗ ਦਿਤਾ ਸੀ | ਇਹ ਮੁਹਿੰਮ ਸ਼ੁਰੂ ਕਰਨ ਮੌਕੇ ਅਜਿਹੇ ਕਈ ਪੁਰਾਣੇ ਕਾਂਗਰਸੀ ਵਰਕਰਾਂ ਨੂੰ  ਸਨਮਾਨਤ ਕੀਤਾ ਗਿਆ ਜਿਨ੍ਹਾਂ ਨੇ ਅਤਿਵਾਦ ਵਿਰੁਧ ਲੜਦੇ ਹੋਏ ਅਪਣੇ ਪ੍ਰਵਾਰਕ ਮੈਂਬਰ ਤਕ ਗੁਆਏ | ਇਸ ਮੌਕੇ ਯੂਥ ਕਾਂਗਰਸ ਦੇ ਸੂਬਾਈ ਤੇ ਜ਼ਿਲ੍ਹਾ ਅਹੁਦੇਦਾਰ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ |
ਫ਼ੋਟੋ: ਸੰਤੋਖ ਸਿੰਘ ਵਲੋਂ