ਕਾਂਗਰਸੀ ਵਿਧਾਇਕਾਂ ਦੀ ਹਾਜ਼ਰੀ ਵਾਸਤੇ ਵਿੱਪ੍ਹ ਜਾਰੀ
ਚੰਡੀਗੜ੍ਹ, 2 ਸਤੰਬਰ (ਜੀ.ਸੀ. ਭਾਰਦਵਾਜ): ਛੇ ਮਹੀਨੇ ਪਹਿਲਾਂ 10 ਮਾਰਚ ਨੂੰ ਉਠਾਏ ਗਏ ਬਜਟ ਸੈਸ਼ਨ ਤੋਂ ਬਾਅਦ ਸੰਵਿਧਾਨਕ ਲੋੜਾਂ ਪੂਰੀਆਂ ਕਰਦੇ ਹੋਏ ਪੰਜਾਬ ਵਿਧਾਨ ਸਭਾ ਦਾ ਇਕ ਦਿਨਾਂ ਵਿਸ਼ੇਸ਼ ਇਜਲਾਸ 9ਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸਮਰਪਿਤ ਅੱਜ ਇਥੇ ਵਿਧਾਨ ਸਭਾ ਕੰਪਲੈਕਸ ਸ਼ੁਰੂ ਹੋ ਰਿਹਾ ਹੈ |
ਵਿਰੋਧੀ ਧਿਰ 'ਆਪ' ਤੇ ਸ਼ੋ੍ਰਮਣੀ ਅਕਾਲੀ ਦਲ ਸਮੇਤ ਬੀਜੇਪੀ, ਲੋਕ ਇਨਸਾਫ਼ ਪਾਰਟੀ ਦੀ ਮੰਗ ਹੈ ਕਿ ਇਜਲਾਸ ਲੰਮਾ ਹੋਵੇ, ਨੂੰ ਦਰ ਕਿਨਾਰ ਕਰਦਿਆਂ ਵਿਵਾਦਾਂ ਵਿਚ ਘਿਰੀ ਕਾਂਗਰਸ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੇਵਲ ਇਕ ਦਿਨਾ ਹੀ ਇਜਲਾਸ ਕਰ ਕੇ ਬੈਠਕ ਨੂੰ ਅਣਮਿਥੇ ਸਮੇਂ ਲਈ ਉਠਾ ਦਿਤਾ ਜਾਵੇ | ਵਿਧਾਨ ਸਭਾ ਸਕੱਤਰੇਤ ਵਲੋਂ ਆਰਜ਼ੀ ਪ੍ਰੋਗਰਾਮ ਅਨੁਸਾਰ ਸਵੇਰੇ ਦੇ 10 ਵਜੇ ਵਾਲੀ ਬੈਠਕ ਵਿਚ ਕੇਵਲ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਅੱਧੇ ਘੰਟੇ ਦੇ ਵਕਫ਼ੇ ਮਗਰੋਂ 11 ਵਜੇ ਦੂਜੀ ਬੈਠਕ ਸ਼ੁਰੂ ਹੋਵੇਗੀ ਜਿਸ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਉਤਸਵ ਸਬੰਧੀ ਉਨ੍ਹਾਂ ਦੀ ਜੀਵਨੀ ਤੇ ਸਿਖਿਆਵਾਂ 'ਤੇ ਚਾਨਣਾ ਪਾਉਣਗੇ | ਸ਼ਰਧਾਂਜਲੀਆਂ ਦੀ ਲਿਸਟ ਵਿਚ ਦਰਜ ਵਿਛੜੀਆਂ ਰੂਹਾਂ ਵਿਚ ਸਾਬਕਾ ਮੰਤਰੀ, ਵਿਧਾਇਕ ਤੇ ਸੁਤੰਤਰਤਾ ਸੰਗਰਾਮੀਏ ਸ਼ਾਮਲ ਹਨ |
ਅੰਮਿ੍ਤਸਰ ਤੋਂ ਐਮ.ਪੀ. ਰਹੇ ਰਘੂਨੰਦਨ ਲਾਲ ਭਾਟੀਆ, ਸਾਬਕਾ ਕੇਂਦਰੀ ਮੰਤਰੀ ਸਮੇਤ ਪੰਜਾਬ ਸਰਕਾਰ ਵਿਚ ਮੰਤਰੀ ਰਹੇ ਗੁਰਨਾਮ ਸਿੰਘ ਅਬੁਲ ਖੁਰਾਣਾ, ਸਾਬਕਾ ਮੰਤਰੀ ਗੁਲਜ਼ਾਰ ਸਿੰਘ, ਸੁਰਜੀਤ ਕੌਰ ਕਾਲਕਟ,
ਚੌਧਰੀ ਰਾਧਾ ਕ੍ਰਿਸ਼ਨ, ਇੰਦਰਜੀਤ ਸਿੰਘ ਜ਼ੀਰਾ, ਜਗਦੀਸ਼ ਸਾਹਨੀ ਵਰਗੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਦਿਤੀਆਂ ਜਾਣਗੀਆਂ | ਹੋਰ ਵਿਛੜੀਆਂ ਰੂਹਾਂ ਵਿਚ ਸਾਬਕਾ ਵਿਧਾਇਕ ਸੁਖਦਰਸ਼ਨ ਮਰਾੜ, ਜੁਗਰਾਜ ਸਿੰਘ ਗਿੱਲ ਅਤੇ ਸੀਨੀਅਰ ਆਈ.ਏ.ਐਸ.ਅਧਿਕਾਰੀ ਵਾਈ.ਐਸ. ਰਤੜਾ ਤੇ ਆਈ.ਪੀ.ਐਸ.-ਡੀ.ਜੀ.ਪੀ. ਮੁਹੰਮਦ ਇਜ਼ਹਾਰ ਆਲਮ ਦੇ ਨਾਮ ਵੀ ਸ਼ਾਮਲ ਹਨ | ਇਸ ਵਿਚ ਲਿਸਟ ਵਿਚ 7 ਸੁਤੰਤਰਤਾ ਸੰਗਰਾਮੀਏ ਵੀ ਲਿਖੇ ਹਨ ਜਿਨ੍ਹਾਂ ਨੂੰ ਸਦਨ ਸ਼ਰਧਾਂਜਲੀਆਂ ਅਰਪਿਤ ਕਰੇਗਾ |