ਜਲ ਸੈਨਾ ਨੂੰ ਮਿਲਿਆ 'ਆਈਐਨਐਸ ਵਿਕ੍ਰਾਂਤ' ਮੋਦੀ ਬੋਲੇ-ਇਹ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ ਹੈ

ਏਜੰਸੀ

ਖ਼ਬਰਾਂ, ਪੰਜਾਬ

ਜਲ ਸੈਨਾ ਨੂੰ ਮਿਲਿਆ 'ਆਈਐਨਐਸ ਵਿਕ੍ਰਾਂਤ' ਮੋਦੀ ਬੋਲੇ-ਇਹ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ ਹੈ

image

 

ਕੋਚੀ, 2 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ  ਪਹਿਲੇ ਦੇਸ਼ 'ਚ ਬਣਾਏ ਗਏ ਸਮੁੰਦਰੀ ਜਹਾਜ਼ ਆਈਐਨਐਸ ਵਿਕ੍ਰਾਂਤ ਰਾਸ਼ਟਰ ਨੂੰ  ਸਮਰਪਤ ਕੀਤਾ | ਉਨ੍ਹਾਂ ਨੇ ਇਸ ਜਹਾਜ਼ ਨੂੰ  ਜਲ ਸੈਨਾ ਦੇ ਬੇੜੇ 'ਚ ਸ਼ਾਮਲ ਕੀਤਾ ਹੈ | ਜਲ ਸੈਨਾ ਲਈ ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ 25 ਸਾਲ ਬਾਅਦ ਵਿਕ੍ਰਾਂਤ ਇਕ ਵਾਰ ਫਿਰ ਤੋਂ ਨਵੇਂ ਰੂਪ ਅਤੇ ਨਵੀਂ ਤਾਕਤ ਨਾਲ ਜਲ ਸੈਨਾ ਦੀ ਸ਼ਾਨ ਬਣ ਗਿਆ ਹੈ |
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਕ੍ਰਾਂਤ ਦਾ ਅਰਥ ਹੈ ਜੇਤੂ, ਬਹਾਦਰ ਅਤੇ ਪ੍ਰਤਿਸ਼ਠਾਵਾਨ | ਵਿਕ੍ਰਾਂਤ ਭਾਰਤ 'ਚ ਹੁਣ ਤਕ ਦਾ ਸਭ ਤੋਂ ਵੱਡਾ ਜੰਗੀ ਬੇੜਾ ਹੈ | ਇਸ ਨੂੰ  ਬਣਾਉਣ 'ਚ 20 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਲਾਗਤ ਆਈ ਹੈ | ਇਹ ਭਾਰਤੀ ਜਲ ਸੈਨਾ ਲਈ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਅਤੇ ਬਣਾਇਆ ਗਿਆ ਪਹਿਲਾ ਏਅਰਕ੍ਰਾਫ਼ਟ ਜਹਾਜ਼ ਵੀ ਹੈ | ਇਸ ਨਾਲ ਜਲ ਸੈਨਾ ਦੀ ਮਾਰਕ ਸਮਰੱਥਾ ਕਈ ਗੁਣਾ ਵਧ ਗਈ ਹੈ | ਉਨ੍ਹਾਂ ਕਿਹਾ ਕਿ ਭਾਰਤ ਅਜਿਹੇ ਦੇਸ਼ਾਂ ਦੇ ਸੂਚੀ ਵਿਚ ਸ਼ਾਮਲ ਹੋ ਗਿਆ ਹੈ ਜੋ ਅਪਣੇ ਦੇਸ਼ ਵਿਚ ਇਸ ਤਰ੍ਹਾਂ ਦੇ ਪੋਤ ਬਣਾ ਸਕਦੇ ਹਨ |
ਉਨ੍ਹਾਂ ਕਿਹਾ ਕਿ ਟੀਚਾ ਕਿੰਨਾ ਵੀ ਔਖਾ ਕਿਉਂ ਨਾ ਹੋਵੇ, ਚੁਣੌਤੀਆਂ ਕਿੰਨੀਆਂ ਵੀ ਵੱਡੀਆਂ ਹੋਣ, ਜਦੋਂ ਭਾਰਤ ਦਾ ਇਰਾਦਾ ਦਿ੍ੜ ਹੋਵੇ ਤਾਂ ਕੋਈ ਵੀ ਟੀਚਾ ਹਾਸਲ ਕਰਨਾ ਮੁਸ਼ਕਿਲ ਨਹੀਂ ਹੈ | ਪੀਐਮ ਨੇ ਕਿਹਾ ਕਿ ਆਈ ਐਨ ਐਸ ਭਾਰਤ ਦੇ ਰੱਖਿਆ ਖੇਤਰ ਨੂੰ  ਆਤਮਨਿਰਭਰ ਬਣਾਉਣ ਦਾ ਇਕ ਉਦਾਹਰਣ ਹੈ | ਮਹਿਲਾ ਸ਼ਕਤੀ 'ਤ ਜ਼ੋਬ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਕ੍ਰਾਂਤ ਜਦੋਂ ਸਾਡੇ ਸਮੁੰਦਰੀ ਖੇਤਰ ਦੀ ਸੁਰੱਖਿਆ ਲਈ ਉਤਰੇਗਾ ਤਾਂ ਉਸ 'ਤੇ ਮਹਿਲਾ ਫ਼ੌਜ ਵੀ ਤੈਨਾਤ ਰਹੇਗੀ | ਸਮੁੰਦਰ ਦੀ ਅਨੰਤ ਸ਼ਕਤੀ ਨਾਲ ਮਹਿਲਾ ਸ਼ਕਤੀ, ਇਹ ਨਵੇਂ ਭਾਰਤ ਦੀ ਮਜ਼ਬੂਤ ਪਹਿਚਾਣ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਉਹ ਆਈ ਐਨ ਐਸ ਵਿਕ੍ਰਾਂਤ ਨੂੰ  ਮਰਾਠਾ ਯੋਧਾ ਛਤਰਪਤੀ ਸ਼ਿਵਾਜੀ ਨੂੰ  ਸਮਰਪਤ ਕਰਦੇ ਹਾਂ |
ਮੋਦੀ ਨੇ ਕਿਹਾ ਕਿ ਵਿਕ੍ਰਾਂਤ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ, ਹੁਨਰ ਅਤੇ ਪ੍ਰਭਾਵ ਦਾ ਪ੍ਰਮਾਣ ਹੈ | ਵਿਕ੍ਰਾਂਤ ਭਾਰਤ ਦੇ ਸਵੈ-ਨਿਰਭਰ ਬਣਨ ਦਾ ਇਕ ਵਿਲੱਖਣ ਪ੍ਰਤੀਬਿੰਬ ਹੈ | ਉਨ੍ਹਾਂ ਕਿਹਾ ਕਿ ਜੇਕਰ ਟੀਚੇ ਅਤੇ ਸਫ਼ਰ ਲੰਬੇ ਹਨ, ਸਮੁੰਦਰ ਅਤੇ ਚੁਣੌਤੀਆਂ ਬੇਅੰਤ ਹਨ ਤਾਂ ਭਾਰਤ ਦਾ ਜਵਾਬ ਵਿਕ੍ਰਾਂਤ ਹੈ | ਅੱਜ ਆਈਐਨਐਸ ਵਿਕ੍ਰਾਂਤ ਨੇ ਦੇਸ਼ ਨੂੰ  ਇਕ ਨਵੇਂ ਆਤਮਵਿਸ਼ਵਾਸ ਨਾਲ ਭਰ ਦਿਤਾ ਹੈ | ਇਸ ਮੌਕੇ ਰਖਿਆ ਮੰਤਰੀ ਰਾਜਨਾਥ ਸਿੰਘ, ਜਹਾਜਰਾਨੀ ਮੰਤਰੀ ਸਰਬਾਨੰਦ ਸੋਨੋਵਾਲ, ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ, ਮੁੱਖ ਮੰਤਰੀ ਪਿਨਰਾਹੀ ਵਿਜੈਯਨ, ਜਲਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਜਲਸੈਨਾ ਅਤੇ ਸੀਐਸਐਲ ਦੇ ਉਚ ਅਧਿਕਾਰੀ ਸ਼ਾਮਲ ਹੋਏ |     (ਪੀਟੀਆਈ)