ਫੂਲਕਾ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਖੇਤੀ ਮਾਡਲ ਕੀਤਾ ਪੇਸ਼

ਏਜੰਸੀ

ਖ਼ਬਰਾਂ, ਪੰਜਾਬ

ਫੂਲਕਾ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਖੇਤੀ ਮਾਡਲ ਕੀਤਾ ਪੇਸ਼

image


ਡਾ. ਅਵਤਾਰ ਸਿੰਘ ਹਨ ਕਰਤਾ-ਧਰਤਾ ਮਾਡਲ ਦੇ, ਪਾਣੀ ਤੇ ਡੀਜ਼ਲ ਦੀ ਵੱਡੀ ਬੱਚਤ ਤੇ ਸਵੱਛ ਵਾਤਾਵਰਣ ਲਈ ਸਹਾਈ ਹੋਣ ਦਾ ਦਾਅਵਾ


ਚੰਡੀਗੜ੍ਹ, 3 ਸਤੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਵਾਲਾ ਇਕ ਖੇਤੀ ਮਾਡਲ ਪੇਸ਼ ਕੀਤਾ ਹੈ | ਅੱਜ ਇਥੇ ਪ੍ਰੈਸ ਕਾਨਫ਼ਰੰਸ ਵਿਚ ਇਸ ਮਾਡਲ ਦੇ ਕਰਤਾਰ ਧਰਤਾ ਡਾ. ਅਵਤਾਰ ਸਿੰਘ ਦੀ ਮੌਜੂਦਗੀ ਵਿਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਨਾਲ ਸਬੰਧਤ ਕਈ ਕਿਸਾਨਾਂ ਨੂੰ  ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਜਿਨ੍ਹਾਂ ਨੇ ਨਵੀਆਂ ਤਕਨੀਕਾਂ ਅਪਣਾ ਕੇ ਆਮਦਨ ਦੁਗਣੀ ਤੇ ਤਿਗੁਣੀ ਲੈਣ ਦੇ ਦਾਅਵੇ ਕੀਤੇ ਹਨ | ਇਸ ਮੌਕੇ ਖੇਤੀ ਵਿਭਾਗ ਦੇ ਇਕ ਸੇਵਾ ਮੁਕਤ ਸਟੇਟ ਐਵਾਰਡੀ ਪ੍ਰਾਪਤ ਡਿਪਟੀ ਡਾਇਰੈਕਟਰ ਡਾ. ਚਮਨ ਲਾਲ ਵਸ਼ਿਸ਼ਟ ਵੀ ਮੌਜੂਦ ਸਨ |
ਫੂਲਕਾ ਨੇ ਪੱਤਰਕਾਰਾਂ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਵਿਚ ਜਿਨ੍ਹਾਂ ਕਿਸਾਨਾਂ ਨੇ ਨਵੇਂ ਢੰਗ ਨਾਲ ਝੋਨੇ ਦੀ ਬਿਜਾਈ ਕੀਤੀ ਹੈ, ਉਨ੍ਹਾਂ ਨੇ ਦੁਗਣੀ ਤੋਂ ਵੀ ਵੱਧ ਆਮਦਨ ਪ੍ਰਾਪਤ ਕੀਤੀ ਹੈ | ਉਨ੍ਹਾਂ ਕਿਹਾ ਕਿ ਇਕ ਫ਼ਸਲ ਦੇ ਨਾਲ ਨਾਲ ਹੋਰ ਕਈ ਕਈ ਫ਼ਸਲਾਂ ਵੀ ਨਾਲ ਹੀ ਬੀਜ ਕੇ ਵਾਧੂ ਕਮਾਈ ਕੀਤੀ ਹੈ | ਫੂਲਕਾ ਨੇ ਕਿਹਾ ਕਿ ਅੱਜ ਪੇਸ਼ ਕੀਤਾ ਜਾ ਰਿਹਾ ਖੇਤੀ ਮਾਡਲ ਕਿਸਾਨਾਂ ਵਲੋਂ ਡਾ. ਅਵਤਾਰ ਸਿੰਘ ਦੀ ਸਲਾਹ ਨਾਲ ਬੀਜੀਆਂ ਫ਼ਸਲਾਂ ਦੇ ਸਫ਼ਲ ਤਜਰਬੇ ਵਿਚੋਂ ਹੀ ਨਿਕਲਿਆ ਹੈ | ਉਨ੍ਹਾਂ ਕਿਹਾ ਕਿ ਨਵੇਂ ਮਾਡਲ ਨਾਲ ਜਿਥੇ ਧਰਤੀ ਹੇਠਲੇ ਪਾਣੀ ਦੀ ਵੱਡੀ ਬੱਚਤ ਹੋਵੇਗੀ, ਉਥੇ ਡੀਜ਼ਲ ਦੀ ਵੀ ਬੱਚਤ ਹੋਵੇਗੀ | ਸਵੱਛ ਵਾਤਾਵਰਣ ਲਈ ਵੀ ਇਹ ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ ਖੇਤੀ ਮਾਡਲ ਸਹਾਈ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰਾਂ ਦੀਆਂ ਖੇਤੀ ਨੀਤੀਆਂ ਵਿਚ ਨੁਕਸਾਨ ਹੋਣਗੇ ਪਰ ਸਿਰਫ਼
 ਅਸੀ ਸਰਕਾਰਾਂ ਨੂੰ  ਹੀ ਗਾਲ੍ਹਾਂ ਕੱਢ ਕੇ ਕਿਸਾਨ ਦੀ ਭਲਾਈ ਨਹੀਂ ਕਰ ਸਕਦੇ ਬਲਕਿ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀ ਵੀ ਖੇਤੀ ਵਿਚ ਬਦਲਾਅ ਲਈ ਅੱਗੇ ਹੋ ਕੇ ਫ਼ਰਜ਼ ਨਿਭਾਈ ਹੈ |
ਫੂਲਕਾ ਨੇ ਇਸ ਮੌਕੇ ਇਹ ਐਲਾਨ ਵੀ ਕੀਤਾ ਕਿ ਡਾ. ਅਵਤਾਰ ਸਿੰਘ ਵਲੋਂ ਤਿਆਰ ਖੇਤੀ ਮਾਡਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਿਸਾਨਾਂ ਦੇ ਖੇਤੀ ਸਤਿਸੰਗ ਕੀਤੇ ਜਾਣਗੇ ਅਤੇ ਸੂਬਾ ਭਰ ਵਿਚ 500 ਤੋਂ ਵੱਧ ਡੈਮੋ ਸੈਂਟਰ ਸਥਾਪਤ ਕੀਤੇ ਜਾਣਗੇ | ਡਾ. ਅਵਤਾਰ ਸਿੰਘ ਨੇ ਨਵੇਂ ਖੇਤੀ ਮਾਡਲ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਤੀ | ਇਸ ਮੌਕੇ ਧੂਰੀ ਹਲਕੇ ਦੇ ਕਾਲਾਬੂਲਾ ਦੇ ਕਿਸਾਨ ਗੁਰਪ੍ਰੀਤ ਸਿੰਘ, ਮਹਿਸਨਪੁਰ ਦੇ ਚਰਨਜੀਤ ਸਿੰਘ ਤੇ ਹੋਰ ਕਈ ਕਿਸਾਨਾਂ ਨੇ ਡਾ. ਅਵਤਾਰ ਸਿੰਘ ਦੀ ਸਲਾਹ ਅਨੁਸਾਰ ਕੀਤੀ ਖੇਤੀ ਤੋਂ ਪਹਿਲਾਂ ਦੇ ਮੁਕਾਬਲੇ ਦੁਗਣੀ ਤਿਗੁਣੀ ਆਮਦਨ ਪ੍ਰਾਪਤ ਕਰਨ ਬਾਰੇ ਅਪਣੇ ਤਜਰਬੇ ਸਾਂਝੇ ਕੀਤੇ ਗਏ | ਖੇਤੀ ਦੇ ਕੁਦਰਤੀਕਰਨ ਵਾਲੇ ਪੇਸ਼ ਕੀਤੇ ਗਏ ਖੇਤੀ ਮਾਡਲ ਵਿਚ ਗੰਨੇ ਦੀ ਖੇਤੀ ਨਾਲ ਖੀਰੇ ਤੇ ਗੋਭੀ ਦੀ ਖੇਤੀ ਕਰਨ, ਨਰਮੇ ਨਾਲ ਮਿਰਚ ਤੇ ਖੀਰੇ ਦੀ ਖੇਤੀ, ਮੱਕੀ ਨਾਲ ਗੰਨੇ, ਬੰਦ ਗੋਭੀ , ਟਮਾਟਰ ਤੇ ਖੀਰੇ ਦੀ ਖੇਤੀ, ਕਣਕ ਨਾਲ ਮਟਰ ਅਤੇ ਮੈਂਥੇ ਦੀ ਖੇਤੀ ਅਤੇ ਕਣਕ ਨਾਲ ਮਸਰ, ਮੈਥੇ ਤੇ ਸਰ੍ਹੋਂ ਦੀ ਖੇਤੀ ਕਰਨ ਨਾਲ ਆਮਦਨ ਦੁਗਣੀ ਹੋਣ ਦੀ ਗੱਲ ਆਖੀ ਗਈ ਹੈ |