ਸਨਅਤੀ ਵਿਕਾਸ ਲਈ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨਗੀਆਂ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ
ਸਨਅਤੀ ਵਿਕਾਸ ਲਈ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨਗੀਆਂ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ 'ਚ ਨਿਵੇਸ਼ ਲਈ ਉਦਯੋਗਿਕ ਕਾਰੋਬਾਰੀਆਂ ਨੂੰ ਸੂਬੇ ਨੂੰ ਆਰਥਿਕ ਪੱਖੋਂ ਮੋਹਰੀ ਬਣਾਉਣ ਲਈ ਉਤਸ਼ਾਹਤ ਕਰਨ ਦਾ ਜੋ ਇਤਿਹਾਸਕ ਕਦਮ ਚੁਕਿਆ ਹੈ, ਉਸ ਦੇ ਦੂਰਗਾਮੀ ਅਤੇ ਤਸੱਲੀਬਖ਼ਸ਼ ਨਤੀਜੇ ਨਿਕਲਣਗੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉਘੇ ਕਾਰੋਬਾਰੀ ਹਰਪਾਲ ਸਿੰਘ ਸੰਧੂ ਨੇ ਆਖਿਆ ਕਿ ਇਸ ਨਾਲ ਪੰਜਾਬ ਵੀ ਦੇਸ਼ ਦਾ ਉਦਯੋਗਿਕ ਧੁਰਾ ਬਣਨ ਵਲ ਕਦਮ ਜ਼ਰੂਰ ਵਧਾਵੇਗਾ |
ਹੈਪੀ ਸਿੰਘ ਚੰਮੇਲੀ ਮੁਤਾਬਕ ਇਨਵੈਸਟ ਪੰਜਾਬ ਅਤੇ ਐਸੋਚੈਮ ਵਲੋਂ ਵਿਜਨ ਪੰਜਾਬ ਦੇ ਬੈਨਰ ਹੇਠ ਹੋਏ ਸਮਾਗਮ ਦੌਰਾਨ ਨਿਖਰ ਕੇ ਸਾਹਮਣੇ ਆਇਆ ਕਿ ਸੁਖਾਵੇਂ ਮਾਹੌਲ ਕਾਰਨ ਪੰਜਾਬ ਸੂਬਾ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉਭਰਿਆ ਹੈ | ਗੁਰਜੰਟ ਸਿੰਘ ਮੰਡ ਨੇ ਆਖਿਆ ਕਿ ਸਮਰਪਤ ਸਿੰਗਲ ਵਿੰਡੋ ਸਿਸਟਮ, ਕਿਫ਼ਾਇਤੀ ਬਿਜਲੀ ਅਤੇ ਹੋਰ ਰਿਆਇਤਾਂ ਦੇ ਰੂਪ ਵਿਚ ਕਾਰਪੋਰੇਟ ਦਿੱਗਜ਼ਾਂ ਲਈ ਸਾਜ਼ਗਾਰ ਮਾਹੌਲ ਸਿਰਜਣ ਲਈ ਵੱਖ-ਵੱਖ ਕਦਮ ਪ੍ਰਸੰਸਾਯੋਗ ਹਨ | ਸਰਬਜੀਤ ਸਿੰਘ ਮੋਰਾਂਵਾਲੀ ਨੇ ਉਮੀਦ ਪ੍ਰਗਟਾਈ ਕਿ ਸਰਕਾਰ ਦੁਆਰਾ ਸ਼ਾਸ਼ਨ ਅਤੇ ਆਰਥਿਕ ਪਹਿਲੂਆਂ ਤੋਂ ਕੀਤੇ ਗਏ ਬੇਮਿਸਾਲ ਸੁਧਾਰ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ | ਸੁਰਜੀਤ ਸਿੰਘ ਮੰਡ ਨੇ ਦਾਅਵਾ ਕਿ ਬਿਨਾਂ ਸ਼ੱਕ ਸੂਬਾ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਕਾਰਨ ਪੰਜਾਬ ਉਦਯੋਗਪਤੀਆਂ ਦੀ ਸੱਭ ਤੋਂ ਪਸੰਦੀਦਾ ਥਾਂ ਬਣ ਕੇ ਉਭਰਿਆ ਹੈ | ਜਗਜੀਤ ਸਿੰਘ ਕਲੇਰ ਨੇ ਕਿਹਾ ਕਿ ਨਿਰਵਿਘਨ ਬਿਜਲੀ, ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ, ਸਹਾਇਕ ਸਰਕਾਰੀ ਮਸ਼ੀਨਰੀ, ਹੁਨਰਮੰਦ ਮਜ਼ਦੂਰਾਂ ਦਾ ਪੂਲ ਅਤੇ ਸੂਬਾ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣਗੀਆਂ | ਲਕਸ਼ਮਣ ਦਾਸ ਮਹਿਰਾ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਉਦਯੋਗਿਕ ਵਿਕਾਸ ਵਿਚ ਦੇਸ਼ ਦੀ ਅਗਵਾਈ ਕਰੇਗਾ | ਰਜਿੰਦਰ ਸਿੰਘ ਰਾਜੂ ਸਚਦੇਵਾ ਮੁਤਾਬਕ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਦੇਸ਼ ਦੇ ਹੋਰ ਹਿਸਿਆਂ ਵਿਚ ਪੰਜਾਬ ਦੇ ਇਤਿਹਾਸ, ਵਿਰਾਸਤ ਅਤੇ ਵਿਕਾਸ ਨੂੰ ਦਰਸਾਉਣ ਲਈ ਅਪਣੀਆਂ ਰੇਲ ਗੱਡੀਆਂ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ | ਰੂਪ ਸਿੰਘ ਧੂੜਕੋਟ ਨੇ ਆਖਿਆ ਕਿ ਪੰਜਾਬੀਆਂ ਨੂੰ ਸਖ਼ਤ ਮਿਹਨਤ, ਲਗਨ ਅਤੇ ਉਦਮੀ ਹੁਨਰ ਦੀ ਬਖ਼ਸ਼ਿਸ਼ ਹੈ, ਜਿਸ ਸਦਕਾ ਉਨ੍ਹਾਂ ਵਿਸ਼ਵ ਭਰ ਵਿਚ ਅਪਣੀ ਵਖਰੀ ਪਛਾਣ ਬਣਾਈ ਹੈ |
ਸਮਰ ਸਿੰਘ ਬਰਾੜ ਮੁਤਾਬਕ ਭਗਵੰਤ ਸਿੰਘ ਮਾਨ ਮਾਣਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ 'ਚ ਉਦਯੋਗ ਪੱਖੀ ਮਾਹੌਲ ਸਿਰਜਣ ਲਈ ਵੱਖ ਵੱਖ ਪਹਿਲਕਦਮੀਆਂ ਕਰ ਰਹੀ ਹੈ ਤਾਂ ਜੋ ਸਾਡੇ ਉਦਮੀ ਅਰਥਾਤ ਕਾਰੋਬਾਰੀ ਇੱਥੇ ਹੀ ਅਪਣੀ ਸਫ਼ਲਤਾ ਦੀ ਕਹਾਣੀ ਲਿਖ ਸਕਣ | ਸੁਖਵਿੰਦਰ ਸਿੰਘ ਬਾਗੀ ਨੇ ਦਾਅਵਾ ਕੀਤਾ ਕਿ ਉਦਯੋਗਿਕ ਜਗਤ ਦੀ ਨਾਮੀ ਕੰਪਨੀ ਟਾਟਾ ਗਰੁੱਪ ਦੀ ਪੰਜਾਬ ਵਿਚ ਆਮਦ ਨਾਲ ਸੂਬੇ ਦੇ ਸਨਅਤੀਕਰਨ ਲਈ ਨਵੇਂ ਰਾਹ ਖੋਲ੍ਹਣਗੇ ਕਿਉਂਕਿ ਇਹ ਨਾਮਵਰ ਕੰਪਨੀ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਨਾਲ-ਨਾਲ ਸੂਬੇ ਵਿੱਚ ਨਵਾਂ ਨਿਵੇਸ਼ ਲਿਆਉਣ ਵਿਚ ਵੀ ਮੱਦਦਗਾਰ ਸਾਬਤ ਹੋਵੇਗੀ |
ਸੇਵਾਮੁਕਤ ਸੁਪਰਡੈਂਟ ਸੁਰਿੰਦਰ ਸਿੰਘ ਸਦਿਉੜਾ ਨੇ ਆਖਿਆ ਕਿ ਸੂਬੇ ਦੇ ਨੌਜਵਾਨਾਂ ਨੂੰ ਟਾਟਾ ਗਰੁੱਪ ਦੇ ਉਕਤ ਪ੍ਰਾਜੈਕਟ ਦਾ ਬਹੁਤ ਲਾਭ ਹੋਵੇਗਾ ਕਿਉਂਕਿ ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ | ਉਨ੍ਹਾਂ ਕਿਹਾ ਕਿ ਟਾਟਾ ਗਰੁੱਪ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਵਿਚ ਲਗਭਗ 2600 ਕਰੋੜ ਰੁਪਏ ਦਾ ਨਿਵੇਸ਼ ਕਰੇਗਾ, ਜਿਸ ਨਾਲ ਲੁਧਿਆਣਾ ਵਿਖੇ ਪੰਜਾਬ ਸਰਕਾਰ ਦੇ ਹਾਈ-ਟੈਕ ਵੈਲੀ ਇੰਡਸਟਰੀਅਲ ਪਾਰਕ ਦੇ ਨਾਲ ਸਟੀਲ ਪਲਾਂਟ ਸਥਾਪਤ ਹੋਵੇਗਾ | ਉਨ੍ਹਾਂ ਕਿਹਾ ਕਿ ਟਾਟਾ ਗਰੁੱਪ ਵਲੋਂ ਪੰਜਾਬ ਵਿਚ ਇਹ ਪਹਿਲਾ ਨਿਵੇਸ਼ ਜੋ ਸੂਬੇ ਵਿਚ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ |