ਸੁਖਬੀਰ ਬਾਦਲ ਨੇ, ਅਪਣੇ ਲਈ ਪ੍ਰਧਾਨਗੀ ਪਦ ਦੀ ਸਵੈ ਨਿਯੁਕਤੀ ਕਰ ਕੇ 'ਝੂੰਦਾਂ ਕਮੇਟੀ' ਦਾ ਭੋਗ ਪਾ ਦਿਤੈ : ਬੀਰ ਦਵਿੰਦਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਨੇ, ਅਪਣੇ ਲਈ ਪ੍ਰਧਾਨਗੀ ਪਦ ਦੀ ਸਵੈ ਨਿਯੁਕਤੀ ਕਰ ਕੇ 'ਝੂੰਦਾਂ ਕਮੇਟੀ' ਦਾ ਭੋਗ ਪਾ ਦਿਤੈ : ਬੀਰ ਦਵਿੰਦਰ ਸਿੰਘ

image


ਐਸ.ਏ ਐਸ. ਨਗਰ, 3 ਸਤੰਬਰ (ਸੁਖਦੀਪ ਸਿੰਘ ਸੋਈ): ਅੱਜ ਮੀਡੀਏ ਦੀ ਸੱਭ ਤੋਂ ਵੱਡੀ ਖ਼ਬਰ ਹੈ ਕਿ ਸੁਖਬੀਰ ਸਿੰਘ ਬਾਦਲ ਨੇ, ਹੋਰ ਦਸ ਵਰਿ੍ਹਆਂ ਲਈ, ਅਪਣੇ-ਆਪ ਅਪਣੀ, ਪ੍ਰਧਾਨਗੀ ਦੀ ਸਵੈ ਨਿਯੁਕਤੀ ਦਾ ਸਵੈ-ਐਲਾਨ ਕਰ ਦਿਤਾ ਹੈ | ਇੰਜ ਉਨ੍ਹਾਂ ਨੇ ਇਕ ਤਰੀਕੇ ਨਾਲ ਬੜੀ ਹਿੁਸ਼ਆਰੀ ਤੋਂ ਕੰੰਮ ਲੈਂਦਿਆਂ ਹੋੋਇਆਂ, ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ, ਸ਼੍ਰੋਮਣੀ ਅਕਾਲੀ ਦਲ ਦੀ ਹੋਈ, ਨਮੋਸ਼ੀਜਨਕ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਉਥਾਨ ਲਈ ਸੁਝਾਅ ਦੇਣ ਲਈ ਬਣਾਈ ਗਈ, ਬਹੁ-ਚਰਿਚਤ 'ਝੂੰਦਾਂ ਕਮੇਟੀ' ਦਾ ਬਿਨਾਂ 'ਕੀਰਤਨ ਸੋਹਿਲਾ' ਪੜ੍ਹੇ, ਰਸਮੀ ਤੌਰ 'ਤੇ ਭੋਗ ਪਾ ਦਿਤਾ ਹੈ |
ਭਰੋਸੇਯੋਗ ਵਸੀਲਿਆਂ ਤੋਂ ਮਿਲੀਆਂ ਸੂਚਨਾਵਾਂ ਅਨੁਸਾਰ, ਇਸ ਕਮੇਟੀ ਦੀ ਸੱਭ ਤੋਂ ਮੁਢਲੀ ਤੇ ਅਤੀ ਗੰਭੀਰ ਸਿਫ਼ਾਰਸ਼ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਵਿਚ ਤਬਦੀਲੀ ਕਰਨ ਦੀ ਸੀ ਜਿਸ ਨੂੰ  ਸੁਖਬੀਰ ਸਿੰਘ ਬਾਦਲ, ਨਾ ਸੁਣਨ ਲਈ ਤਿਆਰ ਹਨ ਤੇ ਨਾ ਹੀ ਕਿਸੇ ਸੂਰਤ ਵਿਚ, ਮੰਨਣ ਲਈ ਤਿਆਰ ਹਨ | ਇਸ ਵਰਤਾਰੇ ਤੇ ਪੰਜਾਬੀ ਦੀ ਇਹ ਕਹਾਵਤ ਖ਼ੂਬ ਢੁਕਦੀ ਹੈ ਕਿ 'ਡੁੱਬੀ ਤਾਂ ਜੇ ਸਾਹ ਨਾ ਆਇਆ |' ਇਸ ਲਈ ਇਹ ਬਾਕੀ ਦੀਆਂ ਰਸਮੀ ਜਥੇਬੰਦਕ ਤਬਦੀਲੀਆਂ ਦੇ ਐਲਾਨ ਤਾਂ ਬੇਮਾਇਨਾ ਹਨ | ਜੋ ਐਲਾਨ ਸੁਣਨ ਲਈ, ਸਾਰਾ ਪੰਜਾਬ ਟਿਕਟਿਕੀ ਲਾਈਾ ਬੈਠਾ ਹੈ, ਉਹ ਕਿਧਰੇ ਸੁਣਾਈ ਨਹੀਂ ਦੇ ਰਿਹਾ ਫੈਜ਼ ਅਹਿਮਦ ਸਾਹਿਬ ਦਾ ਬੜਾ ਉਮਦਾ ਸ਼ੇਅਰ ਹੈ:
ਵੋ ਬਾਤ ਸਾਰੇ ਫਸਾਨੇ ਮੇਂ ਜਿਸ ਕਾ ਜ਼ਿਕਰ ਨ ਥਾ,
ਵੋ ਬਾਤ ਉਨ ਕੋ ਬਹੁਤ ਨਾ-ਗਵਾਰ ਗੁਜ਼ਰੀ ਹੈ |
ਬੜੇ ਅਫ਼ਸੋਸ ਦੀ ਗੱਲ ਹੈ ਕਿ ਇਹ ਰਮਜ਼ ਸੁਖਬੀਰ ਸਿੰਘ ਬਾਦਲ ਜਾਂ ਸਮੁੱਚੇ ਬਾਦਲ ਪ੍ਰਵਾਰ ਨੂੰ  ਕਿਉਂ ਸਮਝ ਨਹੀਂ ਆ ਰਹੀ ਕਿ ਸਿੱਖ ਕੌਮ ਦੀ ਨਰਾਜ਼ਗੀ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ, ਸਗੋਂ ਇਸ ਦੀ ਲੀਡਰਿਸ਼ਪ, ਭਾਵ ਸਮੁੱਚੇ ਤੌਰ ਤੇ ਬਾਦਲ ਪ੍ਰਵਾਰ ਦੇ ਨਾਲ ਹੈ | ਉਲਟਾ ਹੋਰ ਪੰਜਾਬ ਦੇ ਲੋਕਾਂ ਦਾ ਮੂੰਹ ਚਿੜ੍ਹਾਉਣ ਲਈ, ਅਪਣੇ-ਆਪ ਨੂੰ  ਸਵੈ-ਘੋਸ਼ਣਾ ਰਾਹੀਂ, ਹੋਰ ਦਸ ਸਾਲਾਂ ਲਈ, ਸ਼੍ਰੋਮਣੀ ਅਕਾਲੀ ਦਲ ਦੇ ਮੱਥੇ ਤੇ ਮੜ੍ਹ ਦਿਤਾ ਹੈ | ਮੈਂ ਇਹ ਗੱਲ ਬੜੇ ਦੁੱਖ ਅਤੇ ਚਿੰਤਾ ਨਾਲ ਕਹਿਣਾ ਚਾਹੁੰਦਾ ਹਾਂ ਕਿ ਆਉਣ ਵਾਲੇ ਦਸ ਸਾਲਾਂ ਦੀ ਅਵਧੀ ਵਿਚ ਤਾਂ, ਜੇ ਹਾਲ ਇਹੋ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ, ਨਵੀਆਂ ਪੀੜ੍ਹੀਆਂ ਦੇ ਚੇਤਿਆਂ ਵਿਚੋਂ ਵੀ ਵਿਸਰ ਜਾਵੇਗਾ ਅਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ, ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਪੰਨਿਆਂ ਵਿਚ, ਇਕ ਕਾਲੇ ਅਧਿਆਏ ਵਜੋਂ, ਸਦਾ ਲਈ ਮਨਸੂਬ ਹੋ ਜਾਵੇਗਾ |