ਭੈਣ ਤੋਂ ਰਖੜੀ ਬਨਵਾਉਣ ਆਏ ਨੌਜਵਾਨ ਦਾ ਜੀਜੇ ਨੇ ਕੀਤਾ ਕਤਲ, ਦੋਸ਼ੀ ਗ੍ਰਿਫ਼ਤਾਰ
ਪੈਸੇ ਨੂੰ ਲੈ ਕੇ ਭੈਣ ਨਾਲ ਬਹਿਸ ਕਰ ਰਹੇ ਜੀਜੇ ਨੂੰ ਰੋਕਣ 'ਤੇ ਹੋਇਆ ਕਤਲ
ਜ਼ੀਰਕਪੁਰ: ਯੂ.ਪੀ. ਤੋਂ ਜ਼ੀਰਕਪੁਰ ਅਪਣੀ ਭੈਣ ਕੋਲ ਰਖੜੀ ਬਨਵਾਉਣ ਆਏ ਨੌਜਵਾਨ ਦਾ ਉਸ ਦੇ ਜੀਜੇ ਵਲੋਂ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨਿਖਿਲ ਦੀ ਭੈਣ ਨੇਹਾ ਯਾਦਵ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦਸਿਆ ਕਿ ਉਸ ਦਾ ਛੋਟਾ ਭਰਾ ਨਿਖਿਲ ਯਾਦਵ (18) 29 ਅਗੱਸਤ ਨੂੰ ਰਖੜੀ ਬਨਵਾਉਣ ਲਈ ਜ਼ੀਰਕਪੁਰ ਆਇਆ ਸੀ। ਉਸ ਦਾ ਪਤੀ ਅਜੇ ਯਾਦਵ (20) ਜੋ ਕਿ ਉਸ ਨਾਲ ਸਿਟੀ ਇਨਕਲੇਵ ਭਬਾਤ ਵਿਚ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ ਅਤੇ ਜ਼ੀਰਕਪੁਰ ਵਿਚ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ।
ਨੇਹਾ ਨੇ ਦਸਿਆ ਕਿ ਉਸ ਦਾ ਪਤੀ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਸ ਨਾਲ ਝਗੜਾ ਕਰਦਾ ਰਹਿੰਦਾ ਸੀ। ਸ਼ਿਕਾਇਤਕਰਤਾ ਮੁਤਾਬਕ ਸ਼ੁਕਰਵਾਰ ਨੂੰ ਉਹ ਸਾਰੇ ਘਰ ਹੀ ਸਨ ਅਤੇ ਹਰ ਵਾਰ ਦੀ ਤਰ੍ਹਾਂ ਅਜੇ ਨੇ ਨੇਹਾ ਨਾਲ ਪੈਸਿਆਂ ਨੂੰ ਲੈ ਕੇ ਬਹਿਸ ਕਰਦੇ ਹੋਏ ਹੱਥੋਪਾਈ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਛੋਟੇ ਭਰਾ ਨਿਖਿਲ ਨੇ ਦਖ਼ਲ ਦੇ ਕੇ ਅਜੇ ਨੂੰ ਸ਼ਾਂਤ ਕੀਤਾ। ਪਰ ਨਿਖਿਲ ਵਲੋਂ ਨੇਹਾ ਨੂੰ ਬਚਾਉਣ ਲਈ ਆਉਣਾ ਅਜੇ ਨੂੰ ਠੀਕ ਨਹੀਂ ਲੱਗਾ ਤੇ ਉਹ ਨਿਖਿਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ।
ਇਸ ਤੋਂ ਬਾਅਦ ਮਾਹੌਲ ਥੋੜਾ ਸ਼ਾਂਤ ਹੋਇਆ ਤਾਂ ਸਾਰਿਆਂ ਨੇ ਇਕੱਠੇ ਰਾਤ ਦਾ ਖਾਣਾ ਖਾਧਾ ਤੇ ਅਪਣੇ-ਅਪਣੇ ਕਮਰੇ ਵਿਚ ਸੌਣ ਚਲੇ ਗਏ। ਰਾਤ ਸਮੇਂ ਅਜੇ ਨੇ ਬਦਲਾ ਲੈਣ ਦੀ ਨੀਅਤ ਨਾਲ ਕਮਰੇ ’ਚ ਸੌਂ ਰਹੇ ਨਿਖਿਲ ਦੀ ਗਰਦਨ ’ਤੇ ਨਾਰੀਅਲ ਕੱਟਣ ਵਾਲੀ ਦਾਤਰ ਨਾਲ 3 ਤੋਂ 4 ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ। ਨਿਖਿਲ ਦੇ ਚੀਕਣ ਦੀ ਆਵਾਜ਼ ਸੁਣ ਕੇ ਨੇਹਾ ਜਾਗ ਪਈ ਅਤੇ ਵੇਖਿਆ ਕਿ ਉਸ ਦੇ ਪਤੀ ਦੇ ਹੱਥ ’ਚ ਖੂਨ ਨਾਲ ਲਿਬੜੀ ਦਾਤਰ ਸੀ ਅਤੇ ਨਿਖਿਲ ਖੂਨ ਨਾਲ ਲੱਥਪੱਥ ਬੈੱਡ ’ਤੇ ਪਿਆ ਸੀ। ਉਸ ਦਾ ਪਤੀ ਅਜੇ ਕਹਿ ਰਿਹਾ ਸੀ ਕਿ ਨਿਖਿਲ ਨੂੰ ਤਾਂ ਮਾਰ ਦਿਤਾ ਹੁਣ ਉਹ ਖ਼ੁਦ ਵੀ ਮਰਨ ਜਾ ਰਿਹਾ ਹੈ। ਜ਼ੀਰਕਪੁਰ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਜੇ ਯਾਦਵ ਨੂੰ ਕੁੱਝ ਸਮੇਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।