ਤਰਨਤਾਰਨ 'ਚ ਕਿਸਾਨਾਂ ਨੇ 'ਆਪ' ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਕੀਤਾ ਵਿਰੋਧ
ਆਪਣੀ ਕਾਰ ਮੌਕੇ 'ਤੇ ਛੱਡ ਕੇ ਸੁਰੱਖਿਆ ਘੇਰੇ 'ਚ ਦੂਜੀ ਕਾਰ 'ਚ ਜਾਣਾ ਪਿਆ।
ਤਰਨਤਾਰਨ: ਤਰਨਤਾਰਨ ਵਿਚ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਕਾਰ ਦਾ ਘਿਰਾਓ ਕੀਤਾ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਇਲਾਕੇ ਵਿੱਚ ਪਾਰਟੀ ਵਰਕਰਾਂ ਨੂੰ ਮਿਲਣ ਮਗਰੋਂ ਵਾਪਸ ਘ ਜਾ ਰਹੇ ਸਨ। ਸਥਿਤੀ ਇਹ ਬਣ ਗਈ ਕਿ ਉਨ੍ਹਾਂ ਨੂੰ ਆਪਣੀ ਕਾਰ ਮੌਕੇ 'ਤੇ ਛੱਡ ਕੇ ਸੁਰੱਖਿਆ ਘੇਰੇ 'ਚ ਦੂਜੀ ਕਾਰ 'ਚ ਜਾਣਾ ਪਿਆ।
ਇਹ ਮਾਮਲਾ ਤਰਨਤਾਰਨ ਦੇ ਪਿੰਡ ਗੋਹਲਵੜ ਦਾ ਹੈ। ਡਾ. ਸੋਹਲ ਆਪਣੇ ਸਮਰਥਕਾਂ ਨਾਲ ਪਾਰਟੀ ਵਰਕਰਾਂ ਨੂੰ ਮਿਲਣ ਤੋਂ ਬਾਅਦ ਵਾਪਸ ਘਰ ਜਾ ਰਹੇ ਸਨ। ਅਚਾਨਕ ਕਿਸਾਨ ਸਾਂਝਾ ਮੋਰਚਾ ਦੇ ਝੰਡੇ ਲੈ ਕੇ ਪਿੰਡ ਗੋਹਲਵੜ ਪੁੱਜੇ ਅਤੇ 'ਆਪ' ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ। ਕਿਸਾਨਾਂ ਨੇ ਡਾ.ਸੋਹਲ ਦੀ ਕਾਰ ਨੂੰ ਘੇਰ ਲਿਆ।
ਪੁਲਿਸ ਨੇ ਤੁਰੰਤ ਮੌਕੇ ਦਾ ਜਾਇਜ਼ਾ ਲੈਂਦਿਆਂ ਕਿਸਾਨਾਂ ਨੂੰ ਰੋਕ ਲਿਆ। ਡਾ. ਸੋਹਲ ਕੁਝ ਦੇਰ ਕਾਰ ਵਿਚ ਬੈਠੇ ਰਹੇ। ਸਥਿਤੀ ਵਿਗੜਦੀ ਦੇਖ ਸੁਰੱਖਿਆ ਮੁਲਾਜ਼ਮਾਂ ਨੇ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਕਾਰ 'ਚੋਂ ਬਾਹਰ ਕੱਢ ਲਿਆ। ਜਿਸ ਤੋਂ ਬਾਅਦ ਡਾ. ਸੋਹਲ ਕਿਸੇ ਹੋਰ ਕਾਰ ਵਿੱਚ ਆਪਣੀ ਰਿਹਾਇਸ਼ ਲਈ ਰਵਾਨਾ ਹੋ ਗਏ। ਕਿਸਾਨਾਂ ਦਾ ਕਹਿਣਾ ਹੈ ਕਿ 'ਆਪ' ਸਰਕਾਰ ਨੇ ਸੱਤਾ 'ਚ ਆਉਂਦੇ ਹੀ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ। ਵਾਅਦਾ ਸੀ ਕਿ ਚਾਰ ਮਹੀਨਿਆਂ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਪਰ ਅੱਜ ਵੀ ਨਸ਼ੇ ਸ਼ਰੇਆਮ ਵਿਕ ਰਹੇ ਹਨ। ਨਸ਼ਾ ਖਤਮ ਹੋਣ ਦੀ ਬਜਾਏ ਹੁਣ ਹਰ ਘਰ ਤੱਕ ਪਹੁੰਚ ਗਿਆ ਹੈ।