ਦੋ ਸਕੇ ਭਰਾਵਾਂ ਵੱਲੋਂ ਬਿਆਸ ਦਰਿਆ ਵਿਚ ਛਾਲ ਮਾਰਨ ਦਾ ਮਾਮਲਾ, 16 ਦਿਨ ਬਾਅਦ ਮਿਲੀ ਛੋਟੇ ਭਰਾ ਦੀ ਲਾਸ਼
ਥਾਣਾ ਡਵੀਜ਼ਨ ਨੰਬਰ 1 ਦੇ ਤਤਕਾਲੀ ਇੰਚਾਰਜ ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਸੁਲਤਾਨਪੁਰ ਲੋਧੀ - ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਦੀਪ ਨੇ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਵਿਚ ਤਸ਼ੱਦਦ ਅਤੇ ਜ਼ਲੀਲ ਹੋਣ ਤੋਂ ਬਾਅਦ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਵਿਚ ਛਾਲ ਮਾਰ ਦਿੱਤੀ ਸੀ। ਅੱਜ 16 ਦਿਨ ਬਾਅਦ ਜਸ਼ਨਦੀਪ ਦੀ ਲਾਸ਼ ਮਿਲ ਗਈ ਹੈ ਅਤੇ ਉਸ ਦੀ ਪਛਾਣ ਵੀ ਹੋ ਗਈ ਹੈ। ਪਰਿਵਾਰ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 1 ਦੇ ਤਤਕਾਲੀ ਇੰਚਾਰਜ ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਤਿੰਨਾਂ ਦੇ ਖਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਆਤਮ ਹੱਤਿਆ ਲਈ ਮਜ਼ਬੂਰ ਕਰਨ ਅਤੇ ਧਾਰਾ 506 ਅਤੇ ਪੁਲਿਸ ਰੂਲ 34 ਤਹਿਤ ਥਾਣਾ ਸਦਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਨੇ ਥਾਣੇ ਵਿਚ ਮਾਨਵਜੀਤ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਵੀ ਲਾਹ ਦਿੱਤੀ। ਉਧਰ, ਪਰਿਵਾਰ ਨੇ ਮੰਗ ਕੀਤੀ ਕਿ ਦਸਤਾਰ ਦੀ ਬੇਅਦਬੀ ਕਰਨ ਦੇ ਦੋਸ਼ ਵਿਚ ਐਸਐਚਓ ਨਵਦੀਪ ਸਿੰਘ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 295 ਤਹਿਤ ਕੇਸ ਦਰਜ ਕੀਤਾ ਜਾਵੇ।
ਮਿਲੀ ਜਾਣਕਾਰੀ ਦੇ ਮੁਤਾਬਕ 16 ਦਿਨਾਂ ਬਾਅਦ ਛੋਟੇ ਭਰਾ ਜਸ਼ਨਬੀਰ ਢਿੱਲੋਂ ਦੀ ਲਾਸ਼ ਮੰਡ ਚੌਧਰੀਵਾਲ ਇਲਾਕੇ ਵਿੱਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਸ਼ਨਬੀਰ ਦੇ ਪਿਤਾ ਅਤੇ ਦੋਸਤ ਵੱਲੋਂ ਜਸ਼ਨਬੀਰ ਸਿੰਘ ਦੀ ਪਛਾਣ ਬਰੇਸਲੇਟ ਅਤੇ ਜੁੱਤੀਆਂ ਨਾਲ ਕੀਤੀ ਗਈ ਹੈ। ਇਸ ਦੌਰਾਨ ਇਹ ਵੀ ਖ਼ਬਰ ਮਿਲੀ ਹੈ ਕਿ ਦੇਰ ਰਾਤ ਉਸ ਦੀ ਲਾਸ਼ ਸਿਵਲ ਹਸਪਤਾਲ ਪਹੁੰਚਾਈ ਗਈ ਅਤੇ ਹੁਣ ਅੱਜ ਯਾਨੀ ਐਤਵਾਰ ਨੂੰ ਉਸਦਾ ਪੋਸਟਮਾਰਟਮ ਹੋਵੇਗਾ। ਫਿਲਹਾਲ ਪੁਲਿਸ ਵੱਲੋਂ ਪਿਤਾ ਅਤੇ ਦੋਸਤ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਓਧਰ ਆਪਣੇ ਇੱਕ ਪੁੱਤ ਦੀ ਲਾਸ਼ ਮਿਲਣ ਤੋਂ ਬਾਅਦ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮ੍ਰਿਤਕ ਜਸ਼ਨਦੀਪ ਦੇ ਪਿਤਾ ਜਤਿੰਦਰਪਾਲ ਢਿੱਲੋਂ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤ ਦਾ ਸਸਕਾਰ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਐਸ ਐਚ ਓ ਨਵਦੀਪ ਸਮੇਤ ਬਾਕੀ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ ਅਤੇ ਨਾਲ ਹੀ ਜਦੋਂ ਤੱਕ ਉਸ ਦੇ ਦੂਜੇ ਪੁੱਤ ਮਾਨਵਜੀਤ ਦੀ ਕੋਈ ਖਬਰ ਜਾਂ ਉਸ ਦੀ ਲਾਸ਼ ਨਹੀਂ ਮਿਲ ਜਾਂਦੀ।