ਮੰਤਰੀ ਮੰਡਲ ਵੱਲੋਂ 'ਪੰਜਾਬ ਘਰ-ਘਰ ਰੋਜ਼ਗਾਰ ਤੇ ਕਾਰੋਬਾਰ' ਮਿਸ਼ਨ ਦੀ ਸਥਾਪਨਾ ਨੂੰ ਮਨਜ਼ੂਰੀ
ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਨੂੰ ਹੋਰ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ...
ਚੰਡੀਗੜ੍ਹ : ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਨੂੰ ਹੋਰ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ 'ਚ 'ਪੰਜਾਬ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ' ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ, ਪੰਜਾਬ ਇਸ ਮਿਸ਼ਨ ਦੀ ਗਵਰਨਿੰਗ ਕੌਂਸਲ ਦੇ ਚੇਅਰਮੈਨ ਹੋਣਗੇ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਿਸ਼ਨ ਨੂੰ ਇਕ ਸੁਸਾਇਟੀ ਦੇ ਤੌਰ 'ਤੇ ਸੁਸਾਇਟੀਜ਼ ਰਜਿਸਟਰੇਸ਼ਨ ਐਕਟ-1860 ਤਹਿਤ ਰਜਿਸਟਰਡ ਕਰਵਾਇਆ ਜਾਵੇਗਾ।
ਇਸ ਮਿਸ਼ਨ ਦਾ ਮੁੱਖ ਉਦੇਸ਼ ਭਾਰਤ ਜਾਂ ਬਾਹਰਲੇ ਮੁਲਕਾਂ ਵਿੱਚ ਰੋਜ਼ਗਾਰ ਦੀ ਭਾਲ ਕਰਨ ਵਾਲੇ ਲੋਕਾਂ ਨੂੰ ਸਹੂਲਤ ਮੁਹੱਈਆ ਕਰਵਾਉਣਾ ਹੈ। ਜ਼ਿਕਰਯੋਗ ਹੈ ਕਿ ਘਰ-ਘਰ ਰੋਜ਼ਗਾਰ ਯੋਜਨਾ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ ਹੈ ਜਿਸ ਅਨੁਸਾਰ ਵੱਖ-ਵੱਖ ਕਦਮਾਂ ਰਾਹੀਂ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕਿਆਂ ਨੂੰ ਪੈਦਾ ਕਰਨਾ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਸਤਾਵਿਤ ਸੁਸਾਇਟੀ ਮੁੱਖ ਤੌਰ 'ਤੇ ਬੇਰੁਜ਼ਗਾਰ ਨੌਜਵਾਨਾਂ ਲਈ ਸਵੈ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਵਿਵਸਥਾ ਕਾਇਮ ਕਰਨ ਦੇ ਨਾਲ -ਨਾਲ
ਉਨ੍ਹਾਂ ਨੂੰ ਪੇਸ਼ੇਵਰ ਸਿਖਲਾਈ ਦੇ ਕੇ ਹੁਨਰਮੰਦ ਕਾਮਿਆਂ ਦੇ ਤੌਰ 'ਤੇ ਸਥਾਪਤ ਕਰਕੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਵਧਾਉਣਾ ਲਈ ਕੰਮ ਕਰੇਗੀ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਨੌਜਵਾਨਾਂ ਨੂੰ ਸਰਕਾਰੀ, ਨਿੱਜੀ ਖੇਤਰ ਅਤੇ ਵਿਦੇਸ਼ਾਂ ਵਿੱਚ ਉਨਾਂ ਦੇ ਯੋਗਤਾ ਤੇ ਸਮਰੱਥਾ ਅਨੁਸਾਰ ਰੋਜ਼ਗਾਰ ਪ੍ਰਾਪਤੀ ਲਈ ਸਹੂਲਤ ਪ੍ਰਦਾਨ ਕਰਨਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਿਸ਼ਨ ਤਹਿਤ ਰੋਜ਼ਗਾਰ ਦਾਤਿਆਂ/ਉੱਦਮੀਆਂ ਅਤੇ ਰੋਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਅਤੇ ਹੁਨਰਮੰਦ ਕਾਮਿਆਂ ਨੂੰ ਸਾਂਝਾ ਪਲੇਟਫਾਰਮ ਮੁਹੱਈਆ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦਾ ਮੁੱਖ ਮੰਤਵ ਵੱਧ ਤੋਂ ਵੱਧ ਨੌਕਰੀਆਂ ਪੈਦਾ ਕਰਨਾ ਹੈ ਜਿਸ ਲਈ ਜ਼ਿਲ੍ਹਾ ਬਿਊਰੋ ਆਫ਼ ਇੰਪਲਾਇਮੇਂਟ ਐਂਡ ਇੰਟਰਪਰਾਜਿਜ਼ ਵੱਲੋਂ ਸਾਰੀਆਂ ਧਿਰਾਂ ਨਾਲ ਤਾਲਮੇਲ ਤੋਂ ਇਲਾਵਾ ਨਿਗਰਾਨ ਦੀ ਭੂਮਿਕਾ ਵੀ ਨਿਭਾਈ ਜਾਵੇਗੀ। ਮਿਸ਼ਨ ਤਹਿਤ ਸੂਬੇ ਵਿੱਚ ਰੋਜ਼ਗਾਰ ਤੋਂ ਸੱਖਣੇ ਘਰਾਂ ਦੇ ਅੰਕੜੇ ਇਕੱਤਰ ਕਰਕੇ ਇਕ ਡਾਟਾ ਬੇਸ ਵੀ ਤਿਆਰ ਕਰਨ ਦੇ ਨਾਲ-ਨਾਲ ਰੋਜ਼ਗਾਰ ਉਤਪਤੀ ਸਬੰਧੀ ਵਿਵਸਥਾ ਵਿਕਸਿਤ ਕਰਨ 'ਤੇ ਵੀ ਜ਼ੋਰ ਦਿੱਤਾ ਜਾਵੇਗਾ। ਇਸ ਨਾਲ ਹਰੇਕ ਘਰ ਵਿੱਚ ਘੱਟੋ- ਘੱਟ ਇਕ ਨੌਕਰੀ ਜਾਂ ਸਵੈ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਾ ਯਕੀਨੀ ਬਣਾਇਆ ਜਾ ਸਕੇਗਾ।