ਪੰਜਾਬ 'ਚ 117 ਸੀਟਾਂ 'ਤੇ ਚੋਣ ਲੜੇਗੀ ਭਾਜਪਾ, ਆਗੂਆਂ ਦਾ ਦਾਅਵਾ!
ਭਾਜਪਾ ਦੇ ਕੌਮੀ ਜਰਨਲ ਸਕੱਤਰ ਤਰੁਣ ਚੁੱਘ ਅਤੇ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕੀਤਾ ਦਾਅਵਾ
ਚੰਡੀਗੜ੍ਹ - ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਟੁੱਟ ਗਿਆ ਹੈ। ਅਜਿਹੇ 'ਚ ਭਾਜਪਾ ਵੱਲੋਂ ਪੰਜਾਬ 'ਚ 117 ਸੀਟਾਂ 'ਤੇ ਚੋਣਾਂ ਲੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਦਾਅਵਾ ਭਾਜਪਾ ਦੇ ਕੌਮੀ ਜਰਨਲ ਸਕੱਤਰ ਤਰੁਣ ਚੁੱਘ ਅਤੇ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਨੇ ਆਪਣੇ ਆਪ ਨੂੰ ਗਠਜੋੜ ਤੋਂ ਵੱਖ ਕਰ ਲਿਆ ਹੈ।
ਹੁਣ ਬੀਜੇਪੀ 117 ਵਿਧਾਨ ਸਭਾ ਸੀਟਾਂ 'ਤੇ ਪੰਜਾਬ 'ਚ ਚੋਣ ਲੜੇਗੀ। ਉਨ੍ਹਾਂ ਹਰਸਮਿਰਤ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਬੀਬਾ ਜੀ ਨੇ ਕਿਹਾ ਕਿ ਬਿੱਲ ਬਹੁਤ ਵਧੀਆਂ ਹਨ ਤੇ ਬਾਅਦ 'ਚ ਨਾਰਾਜ਼ ਹੋ ਗਏ। ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਹਰਦੀਪ ਪੁਰੀ ਨੇ ਦਾਅਵਾ ਕੀਤਾ ਕਿ 6 ਸਤੰਬਰ ਨੂੰ ਹਰਸਮਿਰਤ ਨੇ ਕਿਹਾ ਸੀ ਬਿੱਲ ਬਹੁਤ ਵਧੀਆਂ ਹਨ।
ਜੇਕਰ ਖੇਤੀ ਬਿੱਲਾਂ ਬਾਰੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਸੰਸਦ ਨਾਲ ਗੱਲ ਕਰੋ। ਹਰਦੀਪ ਪੁਰੀ ਨੇ ਕਿਹਾ ਜਿਨ੍ਹਾਂ ਨੂੰ ਬਿੱਲ ਨੂੰ ਲੈ ਕੇ ਸ਼ੰਕਾਂ ਹੈ ਉਹ ਮੇਰੇ ਨਾਲ ਚਰਚਾ ਕਰੋ ਕਿ ਬਿੱਲ 'ਚ ਨੁਕਸਾਨ ਕੀ ਹੈ? ਹਰਦੀਪ ਪੁਰੀ ਨੇ ਕਿਹਾ ਕਿ ਉਹਨਾਂ ਨੇ ਪਾਰਲੀਮੈਂਟ 'ਚ ਵੀ ਕਿਹਾ ਸੀ ਕਿ ਐਮਐਸਪੀ ਨਹੀਂ ਜਾਵੇਗਾ। ਪੁਰੀ ਨੇ ਦਾਅਵਾ ਕੀਤਾ ਕਿ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਘੱਟੋ ਘੱਟ ਸਮਰਥਨ ਮੁੱਲ 'ਚ ਵਾਧਾ ਹੋਇਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਤੋਂ ਬਾਅਦ ਵੀ ਐਮਐਸਪੀ ਰਹੇਗਾ। ਪੁਰੀ ਨੇ ਸਪਸ਼ਟ ਕੀਤਾ ਕਿ ਇਹ ਭਰਮ ਫੈਲਾਇਆ ਜਾ ਰਿਹਾ ਹੈ ਕਿ ਕਰਜ਼ ਲੈਣ 'ਤੇ ਰਿਕਵਰੀ ਦੇ ਨਾਂਅ 'ਤੇ ਕਿਸਾਨਾਂ ਦੀ ਜ਼ਮੀਨ ਖੋਹ ਲਈ ਜਾਵੇਗੀ। ਪੁਰੀ ਨੇ ਕਿਹਾ ਬਾਕੀ ਪਾਰਟੀਆਂ ਨੇ ਇਹ ਖੇਤੀ ਬਿੱਲ ਚੋਣ ਮੈਨੀਫੈਸਟੋ ਤਕ ਸੀਮਤ ਰੱਖੇ ਮੋਦੀ ਜੀ ਨੇ ਲਾਗੂ ਕਰ ਕੇ ਦਿਖਾਏ। ਉਨ੍ਹਾਂ ਕਿਹਾ ਟਰੈਕਟਰ ਨੂੰ ਅੱਗ ਲਾ ਕੇ ਬਹਿਸ ਨਹੀਂ ਹੁੰਦੀ, ਬਹਿਸ ਸੰਸਦ 'ਚ ਬਹਿ ਕੇ ਹੁੰਦੀ ਹੈ।