ਕੀ ਹਰਿਆਣਾ 'ਚ ਜੰਗਲ ਰਾਜ ਹੈ? : ਕੈਪਟਨ
ਵਿੱਜ ਦੇ ਬਿਆਨ ਉਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਹਰਿਆਣਾ ਨੂੰ ਪੁੱਛਿਆ ''ਕੀ ਹਰਿਆਣਾ ਵਿਚ ਜੰਗਲ ਰਾਜ ਹੈ ਜਿਥੇ ਤੁਸੀਂ ਕਿਸੇ ਨੂੰ ਵੀ ਰੋਕ ਸਕਦੇ ਹੋ,
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਵਾਰ ਨੂੰ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਵਲੋਂ ਗੁੱਸੇ ਵਿੱਚ ਆਏ ਦੇਸ਼ ਦੀ ਆਵਾਜ਼ ਨੂੰ ਦਬਾਉਣ ਲਈ ਰਾਹੁਲ ਗਾਂਧੀ ਨੂੰ ਸੂਬੇ ਵਿਚ ਦਾਖ਼ਲ ਨਾ ਹੋਣ ਦੇਣ ਦੀ ਧਮਕੀ ਨੂੰ ਰੱਦ ਕਰਦਿਆਂ ਚਿਤਾਵਨੀ ਦਿਤੀ ਕਿ ਇਸ ਨਾਲ ਕਾਂਗਰਸ ਨੂੰ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰਨ ਲਈ ਹੋਰ ਹੌਸਲਾ ਮਿਲੇਗਾ।
ਵਿੱਜ ਦੇ ਬਿਆਨ ਉਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਹਰਿਆਣਾ ਨੂੰ ਪੁੱਛਿਆ ''ਕੀ ਹਰਿਆਣਾ ਵਿਚ ਜੰਗਲ ਰਾਜ ਹੈ ਜਿਥੇ ਤੁਸੀਂ ਕਿਸੇ ਨੂੰ ਵੀ ਰੋਕ ਸਕਦੇ ਹੋ, ਇਥੋਂ ਤਕ ਕਿ ਕੌਮੀ ਰਾਜਨੀਤਕ ਪਾਰਟੀ ਦੇ ਇਕ ਚੁਣੇ ਹੋਏ ਨੇਤਾ ਨੂੰ ਵੀ ਕਿਸਾਨਾਂ ਨਾਲ ਹੋਈ ਬੇਇਨਸਾਫ਼ੀ ਵਿਰੁਧ ਆਵਾਜ਼ ਚੁੱਕਣ ਲਈ ਸੂਬੇ ਵਿਚ ਦਾਖ਼ਲ ਹੋਣ ਤੋਂ ਰੋਕ ਸਕਦੇ ਹੋ।''
ਕੈਪਟਨ ਅਮਰਿੰਦਰ ਸਿੰਘ ਨੇ ਯੂ.ਪੀ. ਪੁਲਿਸ ਵਲੋਂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ 'ਤੇ ਹਮਲਾ ਕਰਨ ਤੇ ਕੇਸ ਦਰਜ ਅਤੇ ਇਸ ਤੋਂ ਪਹਿਲਾਂ ਸੰਘਰਸ਼ ਕਰ ਰਹੇ ਕਿਸਾਨਾਂ ਉਤੇ ਹਰਿਆਣਾ ਪੁਲਿਸ ਵਲੋਂ ਲਾਠੀਚਾਰਜ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਭਾਜਪਾ ਸਰਕਾਰ ਇਨ੍ਹਾਂ ਸੂਬਿਆਂ ਵਿਚ ਸੰਵਿਧਾਨ ਵਿਚ ਦਰਜ ਲੋਕਤੰਤਰੀ ਅਧਿਕਾਰਾਂ ਦੀ ਪੂਰੀ ਤਰ੍ਹਾਂ ਉਲੰਘਣਾ ਕਰਦੀ ਹੋਈ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਉਤੇ ਤੁਲੀ ਹੋਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਕੇਂਦਰ ਜਾਂ ਸੂਬਿਆਂ ਵਿਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰ ਦੇ ਅਜਿਹੇ ਦਮਨਕਾਰੀ ਅਤੇ ਗ਼ੈਰ-ਜਮਹੂਰੀ ਕਾਰਿਆਂ ਅੱਗੇ ਨਹੀਂ ਝੁਕੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੁਣ ਭਾਜਪਾ ਨੂੰ ਅਸਹਿਮਤੀ ਦੀ ਆਵਾਜ਼ ਦਬਾਉਣ ਨਹੀਂ ਦੇਵੇਗੀ ਕਿਉਂ ਜੋ ਅਸਹਿਮਤੀ ਪ੍ਰਗਟਾਉਣਾ ਹਰੇਕ ਭਾਰਤੀ ਦਾ ਅਧਿਕਾਰ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਹ (ਭਾਜਪਾਈ) ਸੋਚਦੇ ਹਨ ਕਿ ਅਜਿਹੇ ਆਪਹੁਦਰੇਪਣ ਨਾਲ ਕਾਂਗਰਸ ਲੀਡਰਸ਼ਿਪ ਦੇ ਇਰਾਦਿਆਂ ਨੂੰ ਤੋੜ ਦੇਣਗੇ ਤਾਂ ਉਹ ਮੂਰਖਾਂ ਦੀ ਦੁਨੀਆਂ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਲੋਕਾਂ ਦੀ ਆਵਾਜ਼ ਨੂੰ ਜਬਰੀ ਦਬਾਉਣ ਦੀ ਕੋਸ਼ਿਸ਼ ਹੋਈ ਹੈ ਤਾਂ ਉਸ ਵੇਲੇ ਇਹ ਆਵਾਜ਼ ਹੋਰ ਬੁਲੰਦ ਹੋਈ ਹੈ।
ਮੁੱਖ ਮੰਤਰੀ ਨੇ ਭਾਜਪਾ ਦੇ ਬੇਹੂਦਾ ਢੰਗ ਦੀ ਸਖ਼ਤ ਆਲੋਚਨਾ ਕੀਤੀ ਜਿਸ ਨੇ ਪਹਿਲਾਂ ਸੰਸਦ ਵਿਚ ਅਤੇ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ ਵਿਰੋਧੀਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਿਥੇ ਦਿਲ ਦਹਿਲਾ ਦੇਣ ਵਾਲੀ ਹਾਥਰਸ ਘਟਨਾ ਦੇ ਪੀੜਤ ਪਰਵਾਰ ਨੂੰ ਮਿਲਣ ਜਾਂਦੇ ਸਮੇਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਜਬਰੀ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਇਥੋਂ ਪਤਾ ਲਗਦਾ ਹੈ ਕਿ ਵਿੱਜ ਦਾ ਬਿਆਨ ਆਪਹੁਦਰਾ ਨਹੀਂ ਸਗੋਂ ਭਾਜਪਾ ਵਲੋਂ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਘੜੀ ਗਈ ਸਾਜ਼ਿਸ਼ ਦਾ ਹਿੱਸਾ ਹੈ।