ਨਵੇਂ ਖੇਤੀਬਾੜੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਲਾਇਸੈਂਸ, ਪਰਮਿਟ ਰਾਜ ਤੋਂ ਆਜ਼ਾਦੀ ਮਿਲੀ : ਰਵੀ ਸ਼ੰਕਰ

ਏਜੰਸੀ

ਖ਼ਬਰਾਂ, ਪੰਜਾਬ

ਨਵੇਂ ਖੇਤੀਬਾੜੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਲਾਇਸੈਂਸ, ਪਰਮਿਟ ਰਾਜ ਤੋਂ ਆਜ਼ਾਦੀ ਮਿਲੀ : ਰਵੀ ਸ਼ੰਕਰ ਪ੍ਰਸਾਦ

image

ਕਿਹਾ, ਐਮਐਸਪੀ ਕਦੇ ਖ਼ਤਮ ਨਹੀਂ ਹੋਵੇਗਾ, ਹਮੇਸ਼ਾ ਜਾਰੀ ਰਹੇਗਾ

ਪਟਨਾ, 2 ਅਕਤੂਬਰ : ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸਾਦ ਨੇ ਸ਼ੁਕਰਵਾਰ ਨੂੰ ਕਿਹਾ ਕਿ ਖੇਤੀਬਾੜੀ ਨਾਲ ਜੁੜੇ ਨਵੇਂ ਕਾਨੂੰਨਾਂ ਨਾਲ ਕਿਸਾਨ ਲਾਇਸੈਂਸ ਅਤੇ ਪਰਮਿਟ ਰਾਜ ਤੋਂ ਮੁਕਤ ਹੋ ਗਿਆ ਹੈ ਅਤੇ ਕਾਂਗਰਸ ਸਿਰਫ਼ ਵਿਰੋਧ ਕਰਨ ਲਈ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਐਮਐਸਪੀ ਕਦੇ ਖ਼ਤਮ ਨਹੀਂ ਹੋਵੇਗਾ, ਹਮੇਸ਼ਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੀ ਕਿਸਾਨਾਂ ਦੇ ਸਮਰਥਨ ਮੁੱਲ 'ਚ ਵਾਧਾ ਕਰੇਗੀ।
ਪ੍ਰਸਾਦ ਨੇ ਇਥੇ ਪੱਤਰਕਾਰਾਂ ਨੂੰ ਕਿਹਾ, “''ਮੋਦੀ ਸਰਕਾਰ ਕਿਸਾਨਾਂ ਨੂੰ ਸਮਰਪਿਤ ਇਕ ਸਰਕਾਰ ਹੈ। ਸਾਡੀ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਗ਼ੁਲਾਮੀ ਤੋਂ ਮੁਕਤ ਹੋਣ।'' ਹਾਲ ਹੀ ਵਿਚ ਸੰਸਦ 'ਚ ਪਾਸ ਕੀਤੇ ਗਏ ਖੇਤੀਬਾੜੀ ਨਾਲ ਜੁੜੇ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਤਿੰਨੋਂ ਕਾਨੂੰਨ ਕਿਸਾਨਾਂ ਦੇ ਹੱਕ 'ਚ ਹਨ ਅਤੇ ਪਹਿਲਾਂ ਕਾਂਗਰਸ ਵੀ ਇਹ ਹੀ ਗੱਲ ਕਹਿ ਰਹੀ ਸੀ ਅਤੇ ਇਸ ਦਾ ਜ਼ਿਕਰ ਅਪਣੇ ਚੋਣ ਮੈਨੀਫੈਸਟੋ ਵਿਚ ਵੀ ਕੀਤਾ ਹੈ। ਕਾਂਗਰਸ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਹੁਣ ਉਹ (ਕਾਂਗਰਸ) ਸਿਰਫ਼ ਵਿਰੋਧ ਦੇ ਨਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ।
ਉਨ੍ਹਾਂ ਕਿਹਾ, “ਕਾਂਗਰਸ ਨੇ ਕਿਸਾਨਾਂ ਲਈ ਸਿਰਫ਼ ਗੱਲ ਕੀਤੀ, ਅਸੀਂ ਕੰਮ ਕਰਕੇ ਦਿਖਾਇਆ ਹੈ।'' ਕਿਸਾਨਾਂ ਨੂੰ ਵਿਚੋਲਿਆਂ ਨੇ ਕਬਜ਼ੇ 'ਚ ਕੀਤਾ ਹੋਇਆ ਸੀ, ਅਸੀਂ ਉਨ੍ਹਾਂ ਨੂੰ ਅਜ਼ਾਦ ਕਰ ਦਿਤਾ। ਇਹ ਹੀ ਆਰਜੇਡੀ ਅਤੇ ਕਾਂਗਰਸ ਦੇ ਦੁੱਖ ਦੀ ਜੜ੍ਹ ਹੈ। ”
ਰਾਸ਼ਟਰੀ ਜਨਤਾ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਰਵੀ ਸ਼ੰਕਰ ਪ੍ਰਸਾਦ ਨੇ ਪੁੱਛਿਆ ਕਿ ਪਾਰਟੀ ਨੂੰ ਦੱਸਣਾ ਚਾਹੀਦਾ ਹੈ ਕਿ ਜੇ ਕਾਂਗਰਸ ਕਿਸਾਨਾਂ ਦੇ ਹਿੱਤਾਂ ਦੇ ਖ਼ਿਲਾਫ਼ ਵਿਚੋਲਿਆਂ ਦੇ ਨਾਲ ਖੜੀ ਹੈ? ਤਾਂ ਕੀ ਆਰਜੇਡੀ ਵੀ ਵਿਚੋਲਿਆਂ ਦੇ ਨਾਲ ਖੜੀ ਹੈ? ਉਨ੍ਹਾਂ ਕਿਹਾ ਕਿ ਕਿਸਾਨ ਨਵੇਂ ਖੇਤੀਬਾੜੀ ਕਾਨੂੰਨ ਦਾ ਵਿਰੋਧ ਨਹੀਂ ਕਰ ਰਹੇ ਬਲਕਿ ਰਾਜਨੀਤਿਕ ਪਾਰਟੀਆਂ ਅਪਣੇ ਸੁਆਰਥ ਲਈ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। (ਪੀਟੀਆਈ)