ਕਾਲਾ ਜਾਦੂ ਕਰਨ ਦੇ ਸ਼ੱਕ 'ਚ ਦੋ ਲੋਕਾਂ ਦਾ ਕਤਲ, ਸਿਰ ਵੱਢ ਕੇ ਕੀਤੇ ਅੱਗ ਦੇ ਹਵਾਲੇ

ਏਜੰਸੀ

ਖ਼ਬਰਾਂ, ਪੰਜਾਬ

ਕਾਲਾ ਜਾਦੂ ਕਰਨ ਦੇ ਸ਼ੱਕ 'ਚ ਦੋ ਲੋਕਾਂ ਦਾ ਕਤਲ, ਸਿਰ ਵੱਢ ਕੇ ਕੀਤੇ ਅੱਗ ਦੇ ਹਵਾਲੇ

image

ਗੁਹਾਟੀ, 2 ਅਕਤੂਬਰ : ਅਸਾਮ ਦੇ ਕਾਰਬੀ ਆਂਗਲੋਂਗ ਜ਼ਿਲ੍ਹੇ ਵਿਚ ਜਾਦੂ-ਟੋਨਾ ਕਰਨ ਦੇ ਸ਼ੱਕ ਵਿਚ ਇਕ ਜਨਾਨੀ ਸਮੇਤ ਦੋ ਲੋਕਾਂ ਦਾ ਭੀੜ ਨੇ ਕੁੱਟ-ਕੁੱਟ ਕੇ ਕਤਲ ਕਰ ਦਿਤਾ। ਫਿਰ ਉਨ੍ਹਾਂ ਦੇ ਸਿਰ ਵੱਢ ਕੇ ਉਨ੍ਹਾਂ ਨੂੰ ਅੱਗ ਦੇ ਹਵਾਲੇ ਕਰ ਦਿਤਾ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਗੁੱਸੇ ਵਿਚ ਆਈ ਭੀੜ ਨੇ ਦੋਹਾਂ 'ਤੇ ਕਾਲਾ ਜਾਦੂ ਕਰਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਮੁਤਾਬਕ ਡੋਕਮੋਕਾ ਥਾਣਾ ਖੇਤਰ ਦੇ ਰੋਹੀਮਾਪੁਰ ਪਿੰਡ ਵਿਚ ਇਕ ਕੁੜੀ ਦੀ ਮੌਤ ਹੋ ਗਈ ਸੀ। ਜ਼ਿਲ੍ਹਾ ਪੁਲਿਸ ਸੁਪਰਡੈਂਟ ਦੇਬਜੀਤ ਦੇਉਰੀ ਨੇ ਦਸਿਆ ਕਿ ਘਟਨਾ ਵੀਰਵਾਰ ਨੂੰ ਕੁਝ ਸਥਾਨਕ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਈ। ਇਸ ਮਾਮਲੇ ਵਿਚ ਹੁਣ ਤਕ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਜਿਹਾ ਕਿਹਾ ਜਾ ਰਿਹਾ ਹੈ ਕਿ ਰੋਹੀਮਾਪੁਰ ਪਿੰਡ ਵਿਚ 29 ਸਤੰਬਰ ਨੂੰ ਮੌਤ ਤੋਂ ਇਕ ਦਿਨ ਪਹਿਲਾਂ ਕੁੜੀ ਰਸ਼ਿਮ ਗੌਰ ਨੇ ਪਿੰਡ ਦੇ ਦੋ ਲੋਕਾਂ ਦਾ ਨਾਂ ਲਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ 'ਕਾਲਾ ਜਾਦੂ' ਕਰਨ ਦੀ ਵਜ੍ਹਾਂ ਤੋਂ ਉਹ ਬੀਮਾਰ ਪੈ ਗਈ। ਗੌਰ ਦੀ ਮੌਤ ਦੇ ਤੀਜੇ ਦਿਨ ਇਕ ਹੋਰ ਕੁੜੀ ਨੇ ਪਿੰਡ ਦੇ ਮੁਖੀਆ ਦੇ ਘਰ ਉਨ੍ਹਾਂ ਦੋਹਾਂ 'ਤੇ ਹੀ ਉਸ 'ਤੇ ਕਾਲਾ ਜਾਦੂ ਕਰਨ ਅਤੇ ਇਸ ਵਜ੍ਹਾ ਤੋਂ ਉਸ ਦੇ ਬੀਮਾਰ ਪੈਣ ਦਾ ਦਾਅਵਾ ਕੀਤਾ ਸੀ। ਸੁਪਰਡੈਂਟ ਦੇਉਰੀ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਇਸ ਤੋਂ ਬਾਅਦ ਰਾਮਵਤੀ ਅਤੇ ਬੀਜਾਯ ਗੌਰ ਦਾ ਕੁੱਟ-ਕੁੱਟ ਕੇ ਕਤਲ ਕਰ ਦਿਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੇੜੇ ਹੀ ਇਕ ਪਹਾੜੀ 'ਤੇ ਲੈ ਗਏ।
ਉੱਥੇ ਉਨ੍ਹਾਂ ਨੇ ਰਸ਼ਿਮ ਗੌਰ ਦੇ ਅੰਤਿਮ ਸਸਕਾਰ ਵਾਲੀ ਥਾਂ ਨੇੜੇ ਉਨ੍ਹਾਂ ਦੇ ਸਿਰ ਵੱਢ ਕੇ ਉਨ੍ਹਾਂ ਨੂੰ ਅੱਗ ਦੇ ਹਵਾਲੇ ਕਰ ਦਿਤਾ। ਉਨ੍ਹਾਂ ਦਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਕਾਰਜਕਾਰੀ ਮੈਜਿਸਟ੍ਰੇਟ ਜਿੰਟੂ ਬੋਰਾ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਮਿੱਟੀ ਦੇ ਨਮੂਨਿਆਂ ਤੋਂ ਇਲਾਵਾ ਚਿਤਾ ਤੋਂ ਅਵਸ਼ੇਸ਼ ਇਕੱਠੇ ਕੀਤੇ। ਅਧਿਕਾਰੀ ਨੇ ਦਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋ ਜਨਾਨੀਆਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਥਿਆਰ ਵੀ ਜ਼ਬਤ ਕੀਤੇ ਗਏ ਹਨ। ਬਾਕੀ ਦੇ ਦੋਸ਼ੀਆਂ ਦੀ ਭਾਲ ਜਾਰੀ ਹੈ। (ਪੀਟੀਆਈ)