ਰਾਜਾ ਵੜਿੰਗ ਨੇ ਅਚਨਚੇਤ ਕੀਤੀ ਲੁਧਿਆਣਾ ਬੱਸ ਸਟੈਂਡ ਦੀ ਚੈਕਿੰਗ, ਖ਼ੁਦ ਵੀ ਕੀਤੀ ਸਫ਼ਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੇ ਜੀ. ਐੱਮਜ਼ ਨੂੰ ਇਸ ਸਬੰਧੀ ਆਖ਼ਰੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬੱਸ ਅੱਡੇ 'ਤੇ ਰੋਜ਼ਾਨਾ ਸਫ਼ਾਈ ਹੋਣੀ ਚਾਹੀਦੀ ਹੈ

Raja Warring

 

ਲੁਧਿਆਣਾ  : ਟਰਾਂਸਪੋਰਟ ਮੰਤਰੀ ਬਣਨ ਮਗਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਹਰਕਤ 'ਚ ਹਨ। ਇਸ ਦੇ ਮੱਦੇਨਜ਼ਰ ਅੱਜ ਐਤਵਾਰ ਦੀ ਸਵੇਰੇ ਉਨ੍ਹਾਂ ਵੱਲੋਂ ਸਫ਼ਾਈ ਮੁਹਿੰਮ ਨੂੰ ਲੈ ਕੇ ਲੁਧਿਆਣਾ ਬੱਸ ਅੱਡੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਬੱਸ ਅੱਡੇ 'ਤੇ ਪਿਆ ਕੂੜਾ-ਕਰਕਟ ਖ਼ੁਦ ਆਪਣੇ ਹੱਥਾਂ ਨਾਲ ਚੁੱਕਿਆ।

Raja Warring

ਉਨ੍ਹਾਂ ਨੇ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੇ ਜੀ. ਐੱਮਜ਼ ਨੂੰ ਇਸ ਸਬੰਧੀ ਆਖ਼ਰੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬੱਸ ਅੱਡੇ 'ਤੇ ਰੋਜ਼ਾਨਾ ਸਫ਼ਾਈ ਹੋਣੀ ਚਾਹੀਦੀ ਹੈ ਅਤੇ ਜੇਕਰ ਅੱਗੇ ਤੋਂ ਸਫ਼ਾਈ ਨੂੰ ਲੈ ਕੇ ਕੋਈ ਸ਼ਿਕਾਇਤ ਆਈ ਤਾਂ ਜੀ. ਐੱਮਸ. ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਅੱਡੇ 'ਤੇ ਜਿੱਥੇ ਸਵਾਰੀਆਂ ਆਉਂਦੀਆਂ ਹਨ, ਉੱਥੇ ਤਾਂ ਸਫ਼ਾਈ ਹੈ ਪਰ ਆਸੇ-ਪਾਸੇ ਦੇ ਹਾਲਾਤ ਬਹੁਤ ਖ਼ਰਾਬ ਹਨ, ਜਿਸ ਕਾਰਨ ਉਨ੍ਹਾਂ ਵੱਲੋਂ ਪੂਰੇ ਬੱਸ ਅੱਡੇ ਦਾ ਦੌਰਾ ਕੀਤਾ ਗਿਆ ਹੈ।

Raja Warring

ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਇਹ ਅਚਨਚੇਤ ਕੀਤੀ ਗਈ ਚੈਕਿੰਗ ਹੈ ਅਤੇ ਪੂਰੇ ਪੰਜਾਬ 'ਚ ਸਫ਼ਾਈ ਮੁਹਿੰਮ ਚੱਲ ਰਹੀ ਹੈ। ਇਸ ਮੌਕੇ ਉਨ੍ਹਾਂ ਵੱਲੋਂ ਰੋਡਵੇਜ਼ ਡਿਪੂ ਦਾ ਵੀ ਦੌਰਾ ਕੀਤਾ ਗਿਆ, ਜਿੱਥੇ ਬਿਨਾਂ ਪਾਰਟਸ ਦੇ ਖੜ੍ਹੀਆਂ ਕੁੱਝ ਬੱਸਾਂ ਦਾ ਜਾਇਜ਼ਾ ਲਿਆ। ਇਸਦੇ ਨਾਲ ਹੀ ਦੱਸ ਦਈਏ ਕਿ ਰਾਜਾ ਵੜਿੰਗ ਨੇ ਸੂਬੇ ਦੀਆਂ ਬੱਸਾਂ ਤੋਂ ਤੰਬੂਕ ਅਤੇ ਪਾਨ ਮਸਾਲਾ ਵਰਗੇ ਪਦਾਰਥਾਂ ਦੇ ਪੋਸਟਰ ਉਤਾਰਨ ਦਾ ਐਲਾਨ ਵੀ ਕੀਤਾ ਹੈ। ਉਹਨਾਂ ਕਿਹਾ, ‘ਬਹੁਤ ਸਾਰੇ ਲੋਕਾਂ ਨੇ ਇਹ ਮੇਰੇ ਧਿਆਨ ਵਿਚ ਲਿਆਂਦਾ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਅਗਲੇ ਸ਼ੁੱਕਰਵਾਰ ਤੱਕ ਤੰਬਾਕੂ,ਪਾਨ ਮਸਾਲਾ ਵਰਗੇ ਸਾਰੇ ਪਦਾਰਥਾਂ ਦੇ ਪੋਸਟਰ ਬੱਸਾਂ ਤੋਂ ਉਤਾਰ ਦਿੱਤੇ ਜਾਣਗੇ’।