ਕਿਸਾਨਾਂ ਦੀਆਂ 600 ਲਾਸ਼ਾਂ ਉਪਰੋਂ ਲੰਘ ਕੇ ਭਾਜਪਾ ਨਾਲ ਖੜੇ ਹੋਣ ਦਾ ਹੌਸਲਾ ਪੰਜਾਬ ਦੇ ਕਿਸ ਆਗੂ ਕੋਲ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਨਾਜ਼ੁਕ ਦੌਰ ਵਿਚ ਢੀਡਸਾ ਤੇ ਕੈਪਟਨ ਬਣ ਸਕਦੇ ਹਨ ਭਾਈ-ਭਾਈ

Sukhdev Dhindsa

 

ਸੰਗਰੂਰ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਦੇ ਲੋਕਾਂ ਵਿਚ ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਕਿਸੇ ਸਮੇਂ ਵੀ ਭਾਜਪਾ ਵਿਚ ਸ਼ਾਮਲ ਹੋ ਸਕਦਾ ਹੈ ਪਰ ਦਿੱਲੀ ਤੋਂ ਵਾਪਸੀ ਵੇਲੇ ਚੰਡੀਗੜ੍ਹ ਏਅਰਪੋਰਟ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਸਪੱਸ਼ਟ ਕਰ ਦਿਤਾ ਸੀ ਕਿ ਮੈਂ ਕਾਂਗਰਸ ਪਾਰਟੀ ਛੱਡ ਦਿਤੀ ਹੈ ਪਰ ਭਾਜਪਾ ਵਿਚ ਸ਼ਾਮਲ ਨਹੀਂ ਹੋਵਾਂਗਾ। 

ਇਸ ਸਪੱਸ਼ਟੀਕਰਨ ਦਾ ਕੋਈ ਵੀ ਅਰਥ ਕਢਿਆ ਜਾ ਸਕਦਾ ਹੈ। ਕਈਆਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਪਣੀ ਨਵੀਂ ਸਿਆਸੀ ਪਾਰਟੀ ਬਣਾ ਸਕਦਾ ਹੈ ਅਤੇ ਭਾਜਪਾ ਨਾਲ ਕੀਤੇ ਗੁਪਤ ਸਮਝੋਤੇ ਮੁਤਾਬਕ ਖ਼ੁਦ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਪਾਰਟੀ ਅੰਦਰ ਸੂਬੇ ਦੇ ਸਮੁੱਚੀ ਭਾਜਪਾ ਲੀਡਰਸ਼ਿਪ ਨੂੰ ਅਪਣੀ ਪਾਰਟੀ ਵਿਚ ਸ਼ਾਮਲ ਕਰ ਕੇ ਸੂਬੇ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣ ਲੜ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਸੱਪ ਵੀ ਮਰ ਜਾਏਗਾ ਤੇ ਲਾਠੀ ਵੀ ਨਹੀਂ ਟੁੱਟੇਗੀ। ਇਹ ਵੀ ਸੱਚ ਹੈ ਕਿ ਕੈਪਟਨ ਹੁਣ 80 ਸਾਲ ਦਾ ਹੋ ਗਿਆ ਹੈ ਅਤੇ ਕਿਸੇ ਵੀ ਨਵੀਂ ਸਿਆਸੀ ਪਾਰਟੀ ਨੂੰ ਇੰਨੀ ਵੱਡੀ ਉਮਰ ਦਾ ਆਗੂ ਕਦੇ ਵਾਰਾ ਨਹੀਂ ਖਾਂਦਾ, ਕਿਉਂਕਿ ਉਸ ਦੀਆ ਸਰੀਰਕ ਗਤੀਵਿਧੀਆਂ ਇਕ ਤਰ੍ਹਾਂ ਨਾਲ ਠਹਿਰਾਉ ਦੀ ਸਥਿਤੀ ਮੰਗਦੀਆਂ ਹਨ

ਪਰ ਕੈਪਟਨ ਨਾਲੋਂ ਭਾਜਪਾ ਲਈ ਨਵਜੋਤ ਸਿੱਧੂ ਜ਼ਿਆਦਾ ਕਾਰਗਰ ਹੋ ਸਕਦਾ ਸੀ ਕਿਉਂਕਿ ਉਸ ਕੋਲ ਸਰੀਰਕ ਬਲ ਤੋਂ ਇਲਾਵਾ ਅਪਣਾ ਵਿਸ਼ਾਲ ਨਿੱਜੀ ਕੇਡਰ ਵੀ ਸੀ ਜਿਸ ਨਾਲ ਉਹ ਭਾਜਪਾ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਸੀ।  ਬਾਕੀ ਇਹ ਸੱਚ ਹੈ ਕਿ ਕੈਪਟਨ ਭਾਜਪਾ ’ਚ ਜਾ ਸਕਦਾ ਹੈ, ਭਾਜਪਾ ਨਾਲ ਸਮਝੌਤਾ ਕਰ ਸਕਦਾ ਹੈ, ਅਪਣੀ ਨਵੀਂ ਪਾਰਟੀ ਬਣਾ ਸਕਦਾ ਹੈ ਅਤੇ ਲੋਕਾਂ ਵਿਚ ਇਹ ਵੀ ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵੀ ਇਸ ਨਾਜ਼ੁਕ ਦੌਰ ਵਿਚ ਭਾਈ ਭਾਈ ਬਣ ਕੇ ਆਪਸ ਵਿਚ ਹੱਥ ਮਿਲਾ ਸਕਦੇ ਹਨ ਕਿਉਂਕਿ ਇਨ੍ਹਾਂ ਦੋਵਾਂ ਆਗੂਆਂ ਦੀ ਸਿਆਸੀ ਹੋਣੀ ਵੀ ਇੱਕੋ ਜਿਹੀ ਹੈ।   

ਲੋਕਾਂ ਨੂੰ ਇਹ ਵੀ ਪਤਾ ਹੈ ਕਿ ਬਾਦਲਾਂ ਵਿਰੁਧ ਸੁਖਦੇਵ ਸਿੰਘ ਢੀਂਡਸਾ ਦੇ ਸਟੈਂਡ ਨੂੰ ਵਧੇਰੇ ਮਜ਼ਬੂਤੀ ਅਤੇ ਤਾਕਤ ਬਖ਼ਸ਼ਣ ਦੇ ਮਕਸਦ ਤਹਿਤ ਮੋਦੀ ਸਰਕਾਰ ਵਲੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਸਨਮਾਨ ਨਾਲ ਨਿਵਾਜ਼ਿਆ ਗਿਆ ਸੀ ਜਿਸ ਦੇ ਚਲਦਿਆਂ ਇਹ ਦੋਵੇਂ ਆਗੂ ਸੂਬੇ ਅੰਦਰ ਭਾਜਪਾ ਦੀ ਮਦਦ ਨਾਲ ਨਵੀਂ ਪਾਰਟੀ ਅਤੇ ਨਵੀਂ ਸਰਕਾਰ ਦੇ ਗਠਨ ਬਾਰੇ ਨਵੇਂ ਸਿਰੇ ਤੋਂ ਸੋਚ ਸਕਦੇ ਹਨ।  ਇਸ ਤੋਂ ਇਲਾਵਾ ਪੰਜਾਬ ਦਾ ਕੋਈ ਤੀਸਰਾ ਮਕਬੂਲ ਸਿਆਸੀ ਚਿਹਰਾ ਵੀ ਲਾਲਚਵਸ ਭਾਜਪਾ ਦੇ ਮੱਕੜਜਾਲ ਵਿਚ ਫਸ ਕੇ ਮੁੱਖ ਮੰਤਰੀ ਬਣਨ ਦਾ ਭਰਮ ਪਾਲ ਸਕਦਾ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਪੰਜਾਬ ਦਾ ਕਿਹੜਾ ਸਿਆਸੀ ਆਗੂ ਦਿੱਲੀ ਵਿਖੇ ਚੱਲ ਰਹੇ ਇਕ ਸਾਲ ਪੁਰਾਣੇ ਰੋਸ ਧਰਨੇ ਦੌਰਾਨ ਰੱਬ ਨੂੰ ਪਿਆਰੇ ਹੋਏ ਅਤੇ ਬੇ-ਮੌਤ ਮਰੇ ਕਿਸਾਨਾਂ ਦੀਆ 600 ਤੋਂ ਵੀ ਵੱਧ ਲਾਸ਼ਾਂ ਉਪਰੋਂ ਲੰਘ ਕੇ ਭਾਜਪਾ ਨਾਲ ਖੜਨ ਦਾ ਸਮਝੌਤਾ ਅਤੇ ਹੌਸਲਾ ਇਕੱਠਾ ਕਰ ਕਰ ਕੇ ਲਿਆਵੇਗਾ?