ਮੁੰਬਈ 'ਚ 1476 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ, ਫ਼ਿਲਮੀ ਅੰਦਾਜ਼ 'ਚ ਕੀਤੀ ਜਾ ਰਹੀ ਸੀ ਤਸਕਰੀ
ਮੁੰਬਈ 'ਚ 1476 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ, ਫ਼ਿਲਮੀ ਅੰਦਾਜ਼ 'ਚ ਕੀਤੀ ਜਾ ਰਹੀ ਸੀ ਤਸਕਰੀ
ਮੁੰਬਈ, 2 ਅਕਤੂਬਰ : ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਨਵੀਂ ਮੁੰਬਈ ਤੋਂ 1,476 ਕਰੋੜ ਰੁਪਏ ਦੀ 'ਕਿ੍ਸਟਲ ਮੇਥਾਮਫੇਟਾਮਾਈਨ' ਅਤੇ ਕੋਕੀਨ ਜਬਤ ਕੀਤੀ ਹੈ | ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ | ਉਨ੍ਹਾਂ ਦਸਿਆ ਕਿ ਨਸ਼ੀਲੇ ਪਦਾਰਥਾਂ ਨੂੰ ਆਯਾਤ ਕੀਤੇ ਸੰਤਰੇ ਦੇ ਡੱਬਿਆਂ ਵਿਚ ਲੁਕਾ ਕੇ ਰਖਿਆ ਗਿਆ ਸੀ | ਇਕ ਅਧਿਕਾਰੀ ਨੇ ਦਸਿਆ ਕਿ ਵਾਸੀ ਖੇਤਰ 'ਚ 198 ਕਿਲੋ ਉੱਚ ਸ਼ੁੱਧਤਾ 'ਕਿ੍ਸਟਲ ਮੇਥਾਮਫੇਟਾਮਾਈਨ' ਅਤੇ 9 ਕਿਲੋ ਕੋਕੀਨ ਜਬਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਦੀ ਮੁੰਬਈ ਖੇਤਰੀ ਇਕਾਈ ਨੂੰ ਸੂਚਨਾ ਮਿਲੀ ਸੀ ਕਿ ਕੋਲਡ ਸਟੋਰੇਜ ਵਿਚ ਰੱਖੇ ਫ਼ਲਾਂ ਦੀ ਇਕ ਖੇਪ ਵਿਚ ਪਾਬੰਦੀਸ਼ੁਦਾ ਦਵਾਈਆਂ ਵੀ ਹਨ | ਇਕ ਟੀਮ ਨੇ ਵਾਸੀ ਇਲਾਕੇ 'ਚ ਦਖਣੀ ਅਫ਼ਰੀਕਾ ਤੋਂ ਦਰਾਮਦ 'ਵੈਲੈਂਸੀਆ ਔਰੇਂਜ' ਲੈ ਕੇ ਜਾ ਰਹੇ ਟਰੱਕ ਨੂੰ ਰੋਕਿਆ ਅਤੇ ਛੁਪੀਆਂ ਦਵਾਈਆਂ ਬਰਾਮਦ ਕੀਤੀਆਂ | ਕੋਲਡ ਸਟੋਰੇਜ ਵਿਚ ਰੱਖੇ ਫ਼ਲਾਂ ਦੀ ਖੇਪ ਟਰੱਕ ਰਾਹੀਂ ਲਿਜਾਈ ਜਾ ਰਹੀ ਸੀ | ਅਧਿਕਾਰੀ ਨੇ ਦਸਿਆ ਕਿ ਦਰਾਮਦਕਾਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁਛਗਿਛ ਕੀਤੀ ਜਾ ਰਹੀ ਹੈ | (ਏਜੰਸੀ)