ਕੇਜਰੀਵਾਲ ਦਾ ਦਾਅਵਾ : ਖ਼ੁਫ਼ੀਆ ਰਿਪੋਰਟ ਮੁਤਾਬਕ 'ਆਪ' ਗੁਜਰਾਤ ਵਿਚ ਅਗਲੀ ਸਰਕਾਰ ਬਣਾ ਰਹੀ ਹੈ

ਏਜੰਸੀ

ਖ਼ਬਰਾਂ, ਪੰਜਾਬ

ਕੇਜਰੀਵਾਲ ਦਾ ਦਾਅਵਾ : ਖ਼ੁਫ਼ੀਆ ਰਿਪੋਰਟ ਮੁਤਾਬਕ 'ਆਪ' ਗੁਜਰਾਤ ਵਿਚ ਅਗਲੀ ਸਰਕਾਰ ਬਣਾ ਰਹੀ ਹੈ

image

ਗੁਜਰਾਤ 'ਚ ਰੋਜ਼ਾਨਾ 40 ਰੁਪਏ ਪ੍ਰਤੀ ਗਾਂ ਖ਼ਰਚ ਦੇਣ ਦਾ ਐਲਾਨ

ਰਾਜਕੋਟ, 2 ਅਕਤੂਬਰ : ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁਜਰਾਤ ਵਿਚ ਗਾਰੰਟੀ ਦੇਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ  ਇਕ ਹੋਰ ਗਾਰੰਟੀ ਦਿਤੀ ਹੈ | ਇਸ ਵਾਰ ਉਨ੍ਹਾਂ ਨੇ ਗਾਵਾਂ ਬਾਰੇ ਗਾਰੰਟੀ ਦਿਤੀ ਹੈ | ਕੇਜਰੀਵਾਲ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਗਾਵਾਂ ਦੀ ਦੇਖਭਾਲ ਲਈ ਪ੍ਰਤੀ ਦਿਨ 40 ਰੁਪਏ ਖ਼ਰਚ ਕੀਤੇ ਜਾਣਗੇ | ਉਨ੍ਹਾਂ ਨੇ ਗਾਰੰਟੀ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ 'ਆਪ' ਦੀ ਸਰਕਾਰ ਬਣੀ ਤਾਂ ਉਹ ਹਰ ਗਊ ਦੀ ਸਾਂਭ-ਸੰਭਾਲ ਲਈ 40 ਰੁਪਏ ਪ੍ਰਤੀ ਦਿਨ ਖ਼ਰਚ ਕਰਨਗੇ | ਹਰ ਜ਼ਿਲ੍ਹੇ ਵਿਚ ਅਜਿਹੀਆਂ ਗਾਵਾਂ ਦੇ ਲਈ ਵਿਵਸਥਾ ਕੀਤੀ ਜਾਵੇਗੀ ਜੋ ਦੁੱਧ ਨਹੀਂ ਦਿੰਦੀਆਂ |
ਅਰਵਿੰਦ ਕੇਜਰੀਵਾਲ ਲਗਾਤਾਰ ਸੂਬੇ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰ ਰਹੇ ਹਨ | ਐਤਵਾਰ ਨੂੰ  ਉਨ੍ਹਾਂ ਨੇ ਰਾਜਕੋਟ ਵਿਚ ਪ੍ਰੈੱਸ ਕਾਨਫਰੰਸ ਨੂੰ  ਸੰਬੋਧਨ ਕੀਤਾ, ਜਿਸ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ | ਇਸ ਦੌਰਾਨ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ 'ਆਪ ਦੀਆਂ ਵੋਟਾਂ ਨੂੰ  ਕੱਟਣ ਲਈ' ਇਕਜੁਟ ਹਨ ਅਤੇ 'ਖੁਫ਼ੀਆ ਬਿਊਰੋ ਦੀ ਇਕ ਰਿਪੋਰਟ' ਮੁਤਾਬਕ ਉਨ੍ਹਾਂ ਦੀ ਪਾਰਟੀ 'ਆਪ' ਸੂਬੇ ਵਿਚ ਅਗਲੀ ਸਰਕਾਰ ਬਣਾ ਰਹੀ ਹੈ |
ਕੇਜਰੀਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਉਹ ਸਾਰੇ ਲੋਕਾਂ ਲਈ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰੇਗੀ | ਉਨ੍ਹਾਂ ਦਾਅਵਾ ਕੀਤਾ ਕਿ ਆਪ ਨੂੰ  ਹਰਾਉਣ ਲਈ ਭਾਜਪਾ ਅਤੇ ਕਾਂਗਰਸ ਗੁਜਰਾਤ ਵਿਚ ਇਕੱਠੇ ਆ ਗਏ ਹਨ ਅਤੇ ਕਾਂਗਰਸ ਨੂੰ  'ਆਪ ਦੀਆਂ ਵੋਟਾਂ ਤੋੜਨ' ਦਾ ਕੰਮ ਕੀਤਾ ਗਿਆ ਹੈ | ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਕ ਸੂਤਰ ਨੇ ਉਨ੍ਹਾਂ ਨੂੰ  ਇਕ 'ਆਈਬੀ ਰਿਪੋਰਟ' ਬਾਰੇ ਦਸਿਆ, ਜਿਸ ਮੁਤਾਬਕ ਜੇਕਰ ਅੱਜ ਗੁਜਰਾਤ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ ਤਾਂ ਆਪ ਰਾਜ ਵਿਚ ਸਰਕਾਰ ਬਣਾਵੇਗੀ, ਪਰ ਆਮ ਬਹੁਮਤ ਨਾਲ | ਉਨ੍ਹਾਂ ਦਾਅਵਾ ਕੀਤਾ, ''ਜਦੋਂ ਤੋਂ ਇਹ ਰਿਪੋਰਟ ਆਈ ਹੈ, ਇਹ ਦੋਨੇ ਪਾਰਟੀਆਂ ਇਕਜੁਟ ਹੋ ਗਈਆਂ ਹਨ | ਉਹ ਗੁਪਤ ਬੈਠਕਾਂ ਕਰ ਰਹੀਆਂ ਹਨ | ਦੋਨੇ ਪਾਰਟੀਆਂ ਆਪ ਨੂੰ  ਬੁਰਾ ਭਲਾ ਕਹਿਣ ਲਈ ਇਕ ਹੀ ਭਾਸ਼ਾ ਵਰਤ ਰਹੀਆਂ ਹਨ |'' ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ''ਭਾਜਪਾ ਵਿਰੋਧੀ ਵੋਟਾਂ ਨੂੰ  ਵੰਡਣ ਲਈ ਕਾਂਗਰਸ ਨੂੰ  ਮਜਬੂਤ ਕਰਨ'' ਦੀ ਕੋਸ਼ਿਸ਼ ਕਰ ਰਹੀ ਹੈ |
ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ 182 ਮੈਂਬਰੀ ਗੁਜਰਾਤ ਵਿਧਾਨ  ਸਭਾ ਵਿਚ ਕਾਂਗਰਸ 10 ਤੋਂ ਵਧ ਸੀਟਾਂ ਨਹੀਂ ਜਿਤੇਗੀ ਅਤੇ ਉਹ ਵੀ ਭਾਜਪਾ ਵਿਚ ਸ਼ਾਮਲ ਹੋ ਜਾਣਗੇ | 
ਉਨ੍ਹਾਂ ਅੱਗੇ ਕਿਹਾ, ''ਕਾਂਗਰਸ ਨੂੰ  ਵੋਟ ਦੇਣਾ ਵਿਅਰਥ ਹੈ ਅਤੇ ਅਜਿਹਾ ਕਰਨਾ ਗੁਜਰਾਤ ਦੇ ਹਿਤ ਵਿਚ ਵੀ ਨਹੀਂ ਹੈ | ਜੋ ਲੋਕ ਭਾਜਪਾ ਤੋਂ ਨਾਰਾਜ਼ ਹਨ ਉਨ੍ਹਾਂ ਨੂੰ  ਆਪ ਨੂੰ  ਵੋਟ ਦੇਣੀ ਚਾਹੀਦੀ | ਮੈਂ ਲੋਕਾਂ ਤੋਂ ਦਿੱਨੀ ਅਤੇ ਪੰਜਾਬ ਦੇ ਰਿਕਾਰਡ ਨੂੰ  ਤੋੜਨ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕਰਦਾ ਹਾਂ |'' ਕੇਜਰੀਵਾਲ  ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 20 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦੇ ਐਲਾਨ ਨਾਲ ਠੇਕੇਦਾਰਾਂ ਅਤੇ ਮੰਤਰੀਆਂ ਨੂੰ  ਫਾਇਦਾ ਹੋਣ ਵਾਲਾ ਹੈ, ਪਰ ਜਨਤਾ ਨੂੰ  ਕੁੱਝ ਨਹੀਂ ਮਿਲੇਗਾ |     (ਏਜੰਸੀ)