ਦਰਦਨਾਕ ਹਾਦਸਾ: ਜਲੰਧਰ 'ਚ ਰੇਲਿੰਗ ਪਾਰ ਕਰਦੇ ਸਮੇਂ ਖੰਭੇ ਤੋਂ ਨੌਜਵਾਨ ਨੂੰ ਲੱਗਿਆ ਕਰੰਟ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਢਾਬੇ 'ਤੇ ਕੰਮ ਕਰਦਾ ਸੀ ਮ੍ਰਿਤਕ ਨੌਜਵਾਨ

PHOTO

 

ਜਲੰਧਰ: ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਨਗਰ ਨਿਗਮ ਦੀ ਲਾਪਰਵਾਹੀ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਇਹ ਨੌਜਵਾਨ ਸ਼ਹਿਰ ਦੇ ਬੀਐਮਸੀ ਚੌਕ ਤੋਂ ਗੁਰੂ ਨਾਨਕ ਮਿਸ਼ਨ ਚੌਕ ਨੂੰ ਜਾਣ ਵਾਲੀ ਇੱਕ ਪਾਸੇ ਵਾਲੀ ਸੜਕ ਦੇ ਵਿਚਕਾਰ ਲੱਗੀ ਰੇਲਿੰਗ ਨੂੰ ਪਾਰ ਕਰ ਰਿਹਾ ਸੀ। ਇਸ ਦੌਰਾਨ ਸਟਰੀਟ ਲਾਈਟ ਦੇ ਖੰਭੇ ਤੋਂ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਕਤ ਨੌਜਵਾਨ ਇਸ ਸੜਕ 'ਤੇ ਇਕ ਹਸਪਤਾਲ ਨੇੜੇ ਢਾਬਾ ਚਲਾਉਂਦਾ ਸੀ।

ਮ੍ਰਿਤਕ ਦੀ ਪਛਾਣ ਵਿਜੇ ਸ਼ਰਮਾ ਵਜੋਂ ਹੋਈ ਹੈ। ਉਹ ਚਾਹ ਫੜਾ ਕੇ ਰੇਲਿੰਗ ਪਾਰ ਕਰਕੇ ਢਾਬੇ ਵੱਲ ਜਾ ਰਿਹਾ ਸੀ। ਇਸ ਦੌਰਾਨ ਕਰੰਟ ਲੱਗਣ ਨਾਲ ਉਸਨੇ ਚੀਕਾਂ ਮਾਰੀਆਂ। ਨੌਜਵਾਨ ਦੀ ਆਵਾਜ਼ ਸੁਣ ਕੇ ਉਸ ਦਾ ਪਿਤਾ ਅਤੇ ਲੋਕ ਮੌਕੇ 'ਤੇ ਪਹੁੰਚ ਗਏ। ਸਾਰਿਆਂ ਨੇ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਛੁਡਾਉਣ ਦੀ ਕੋਸ਼ਿਸ਼ ਕਰਦੇ ਹੋਏ ਨੌਜਵਾਨ ਦੇ ਪਿਤਾ ਨੂੰ ਵੀ ਬਿਜਲੀ ਦਾ ਝਟਕਾ ਲੱਗਿਆ ਪਰ ਉਹ ਬਚ ਗਿਆ।

ਲੋਕਾਂ ਨੇ ਟੀ-ਸ਼ਰਟਾਂ ਪਾ ਕੇ ਨੌਜਵਾਨ ਨੂੰ ਖਿੱਚ ਕੇ ਖੰਭੇ ਤੋਂ ਛੁਡਵਾਇਆ। ਇਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਉਥੋਂ ਜਵਾਬ ਮਿਲ ਗਿਆ। ਇਸ ਤੋਂ ਬਾਅਦ ਉਸ ਨੂੰ ਦੂਜੇ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਨੌਜਵਾਨ ਦੀ ਮੌਕੇ 'ਤੇ ਹੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ।

ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਲੋਕਾਂ ਦੇ ਬਿਆਨ ਦਰਜ ਕਰਕੇ ਨਗਰ ਕੌਂਸਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰ ਇਸ ਗੱਲ 'ਤੇ ਅੜੇ ਹੋਏ ਹਨ ਕਿ ਲਾਪਰਵਾਹੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ। ਦੂਜਾ ਉਹ ਆਪਣੇ ਪੁੱਤਰ ਦਾ ਪੋਸਟਮਾਰਟਮ ਨਹੀਂ ਕਰਨਾ ਚਾਹੁੰਦੇ।

ਰਾਤ ਨੂੰ ਲੋਕਾਂ ਦਾ ਨਗਰ ਨਿਗਮ ਖਿਲਾਫ ਗੁੱਸਾ ਭੜਕ ਉੱਠਿਆ। ਇੱਕ ਪਾਸੇ ਨਗਰ ਨਿਗਮ ਦਾ ਕੋਈ ਵੀ ਅਧਿਕਾਰੀ ਮੌਕੇ ’ਤੇ ਨਾ ਪੁੱਜਣ ਕਾਰਨ ਰੋਹ ਭੜਕ ਉੱਠਿਆ। ਦੂਜਾ ਕਰੀਬ ਤਿੰਨ ਘੰਟੇ ਤੱਕ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਖੰਭੇ ਦੀ ਲਾਈਟ ਨਹੀਂ ਕੱਟੀ, ਜਿਸ ਕਾਰਨ ਤਿੰਨ ਘੰਟੇ ਤੱਕ ਖੰਭੇ ਵਿੱਚ ਕਰੰਟ ਚੱਲਦਾ ਰਿਹਾ।
ਲੋਕਾਂ ਨੇ ਕਿਹਾ ਕਿ ਸ਼ਾਇਦ ਨਿਗਮ ਹੋਰ ਲੋਕਾਂ ਦੇ ਮਰਨ ਦਾ ਇੰਤਜ਼ਾਰ ਕਰ ਰਿਹਾ ਹੈ। ਮੌਕੇ 'ਤੇ ਪਹੁੰਚੇ ਨਗਰ ਨਿਗਮ ਦੇ ਬਿਜਲੀ ਵਿੰਗ ਦੇ ਬਿਜਲੀ ਕਰਮਚਾਰੀ ਨੇ ਦੱਸਿਆ ਕਿ ਲਾਈਟਾਂ ਨੂੰ ਪਿੱਛੇ ਤੋਂ ਬੰਦ ਕਰਨ ਲਈ ਕਿਹਾ ਗਿਆ ਹੈ ਪਰ ਅਜੇ ਤੱਕ ਬੰਦ ਨਹੀਂ ਕੀਤਾ ਗਿਆ | ਜਦੋਂ ਲੋਕਾਂ ਨੇ ਖੰਭੇ ਵਿੱਚ ਕਰੰਟ ਆਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਖੰਭੇ ਵਿੱਚ ਕਰੰਟ ਕਿਵੇਂ ਆਇਆ।