Punjab News : ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ ‘ਚ ਹੋਈ ਵਾਪਸੀ ,ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭੂੰਦੜ ਵੱਲੋਂ ਪਾਰਟੀ 'ਚ ਸ਼ਾਮਲ ਕੀਤਾ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਸੁੱਚਾ ਸਿੰਘ ਲੰਗਾਹ ਨੂੰ ਅਕਾਲੀ ਦਲ ਦੇ ਸਧਾਰਣ ਵਰਕਰ ਵਜੋਂ ਮੁੜ ਸੇਵਾ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ

Sucha Singh Langah

 Punjab News : ਪਿਛਲੇ ਸਮੇਂ ‘ਚ ਵਿਵਾਦਾਂ ‘ਚ ਰਹੇ ਸੁੱਚਾ ਸਿੰਘ ਲੰਗਾਹ ਦੀ ਘਰ ਵਾਪਸੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਸੋਸ਼ਲ ਮੀਡਿਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ।

ਪੋਸਟ 'ਚ ਲਿਖਿਆ, ਸੁੱਚਾ ਸਿੰਘ ਲੰਗਾਹ ਵੱਲੋਂ ਬੇਨਤੀ ਦੇ ਰੂਪ ਵਿੱਚ ਇੱਕ ਪੱਤਰ ਮਿਲਿਆ ਹੈ ,ਜਿਸ ਵਿੱਚ ਉਹਨਾਂ ਇਹ ਗੱਲ ਪਾਰਟੀ ਅੱਗੇ ਰੱਖੀ ਹੈ ਕਿ ਉਹਨਾਂ ਉੱਤੇ ਲਾਏ ਗਏ ਸਾਰੇ ਇਲਜ਼ਾਮਾਂ ਤੋਂ ਅਦਾਲਤ ਨੇ ਉਹਨਾਂ ਨੂੰ ਦੋਸ਼ ਮੁਕਤ (ਬਰੀ) ਕਰਾਰ ਦਿੱਤਾ ਹੈ। ਉਹਨਾਂ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਇਹ ਮਾਮਲਾ ਖ਼ਾਲਸਾ ਪੰਥ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵੀ ਲਿਜਾਇਆ ਗਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਰੀ ਕਾਰਵਾਈ ਉਪਰੰਤ ਹੁਣ ਉਹਨਾਂ ਨੂੰ ਮੁੜ ਖ਼ਾਲਸਾ ਪੰਥ ਵਿੱਚ ਸ਼ਾਮਿਲ ਕੀਤਾ ਜਾ ਚੁੱਕਾ ਹੈ। 

ਜਦੋਂ ਉਹਨਾਂ ਉੱਤੇ ਦੋਸ਼ ਲੱਗੇ ਸਨ ਤਾਂ ਉਹ ਪਾਰਟੀ ਦੇ ਸਮੂਹ ਅਹੁਦਿਆਂ ਤੋਂ ਤੁਰੰਤ ਮੁਸਤਫ਼ੀ ਹੋ ਗਏ ਸਨ। ਹੁਣ ਆਪਣੇ ਲਿਖ਼ਤੀ ਪੱਤਰ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਜੰਮੇ ਵੀ ਅਕਾਲੀ ਸਨ ਅਤੇ ਆਪਣੇ ਆਖਰੀ ਸਾਂਹ ਤੱਕ ਰਹਿਣਗੇ ਵੀ ਅਕਾਲੀ। ਉਹਨਾਂ ਨੇ ਪਾਰਟੀ ਦੀ ਸੇਵਾ ਦਾ ਮੌਕਾ ਮੁੜ ਲੈਣ ਲਈ ਸਨਿਮਰ ਬੇਨਤੀ ਵੀ ਕੀਤੀ ਹੈ।

ਪਾਰਟੀ ਵੱਲੋਂ ਲੰਗਾਹ ਵੱਲੋਂ ਦਿੱਤੀ ਗਈ ਬੇਨਤੀ ਨੂੰ ਉਹਨਾਂ ਵੱਲੋਂ ਪੇਸ਼ ਕੀਤੇ ਗਏ ਤੱਥਾਂ ਦੀ ਰੌਸ਼ਨੀ ਵਿੱਚ ਵਿਚਾਰਨ ਉਪਰੰਤ ਸ. ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਧਾਰਣ ਵਰਕਰ ਵਜੋਂ ਮੁੜ ਸੇਵਾ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ।