ਡੇਰਾ ਉੱਗੀ ਤੋਂ ਸ਼ੋਭਾ ਯਾਤਰਾ ਲੈ ਕੇ ਅੰਮ੍ਰਿਤਸਰ ਦੇ ਭਗਵਾਨ ਵਾਲਮੀਕਿ ਆਸ਼ਰਮ ਪੁੱਜੇ ਸਾਬਕਾ ਵਿਧਾਇਕ ਡੈਨੀ ਬੰਡਾਲਾ
ਡੇਰਾ ਮੁੱਖ ਸੰਚਾਲਕ ਬਾਲਯੋਗੀ ਸਵਾਮੀ ਪ੍ਰਗਟ ਨਾਥ ਜੀ ਮਹਾਰਾਜ ਨੇ ਸ਼ੋਭਾਯਾਤਰਾ ਨੂੰ ਝੰਡੀ ਦੇ ਕੇ ਕੀਤਾ ਰਵਾਨਾ, ਝੰਡੇ ਦੀ ਰਸਮ ਨਿਭਾਈ
ਨਕੋਦਰ/ਜਲੰਧਰ: ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਸ਼ੁੱਕਰਵਾਰ ਨੂੰ ਡੇਰਾ ਰਹੀਮਪੁਰ (ਉੱਗੀ) ਤੋਂ ਅੰਮ੍ਰਿਤਸਰ ਦੇ ਭਗਵਾਨ ਵਾਲਮੀਕਿ ਆਸ਼ਰਮ (ਰਾਮਤੀਰਥ) ਤੱਕ ਭਗਵਾਨ ਵਾਲਮੀਕਿ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾਯਾਤਰਾ ਦੀ ਅਗਵਾਈ ਕੀਤੀ। ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਰਹੀਮਪੁਰ (ਉੱਗੀ) ਵਿੱਚ ਸਥਿਤ ਭਗਵਾਨ ਵਾਲਮੀਕਿ ਜੀ ਯੋਗ ਆਸ਼ਰਮ (ਡੇਰਾ ਸਵਾਮੀ ਲਾਲ ਨਾਥ ਜੀ) ਦੇ ਮੁੱਖ ਪ੍ਰਬੰਧਕ ਬਾਲਯੋਗੀ ਸਵਾਮੀ ਪ੍ਰਗਟ ਨਾਥ ਜੀ ਮਹਾਰਾਜ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ ਨੇ ਰਸਮੀ ਤੌਰ 'ਤੇ ਝੰਡੀ ਦੇ ਕੇ ਰਵਾਨਾ ਕੀਤਾ। ਨਕੋਦਰ ਹਲਕੇ ਤੋਂ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ, ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ ਉਨ੍ਹਾਂ ਨਾਲ ਮੌਜੂਦ ਸਨ।
ਬਾਲਯੋਗੀ ਸਵਾਮੀ ਪ੍ਰਗਟ ਨਾਥ ਜੀ ਨੇ 7 ਅਕਤੂਬਰ ਨੂੰ ਭਗਵਾਨ ਵਾਲਮੀਕਿ ਮਹਾਰਾਜ ਦੇ ਜਨਮ ਦਿਵਸ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ। ਸ਼ੋਭਾਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਪਾਲਕੀ ਸਾਹਿਬ ਦਾ ਸਵਾਗਤ ਕੀਤਾ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਨੇ ਸ਼ੋਭਾਯਾਤਰਾ ਦੀ ਅਗਵਾਈ ਕਰ ਰਹੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਡੈਨੀ ਬੰਡਾਲਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਡੈਨੀ ਬੰਡਾਲਾ ਨੇ ਹਮੇਸ਼ਾ ਵਾਲਮੀਕਿ ਭਾਈਚਾਰੇ ਦੇ ਭਲੇ ਲਈ ਕੰਮ ਕੀਤਾ ਹੈ। ਉਨ੍ਹਾਂ ਸਮਾਜ ਸੇਵਾ ਵਿੱਚ ਵੀ ਇੱਕ ਵਿਲੱਖਣ ਸਥਾਨ ਸਥਾਪਤ ਕੀਤਾ ਹੈ। ਉਹ ਕਾਮਨਾ ਕਰਦੇ ਹਨ ਕਿ ਉਹ ਇਸੇ ਸਮਰਪਣ ਭਾਵਨਾ ਨਾਲ ਸਮਾਜ ਦੀ ਸੇਵਾ ਕਰਦੇ ਰਹਿਣ।
ਡੇਰਾ ਉੱਗੀ ਤੋਂ ਰਵਾਨਾ ਹੋਈ ਇਹ ਸ਼ੋਭਾਯਾਤਰਾ ਕਪੂਰਥਲਾ, ਕਰਤਾਰਪੁਰ, ਸੁਭਾਨਪੁਰ, ਬਿਆਸ, ਬਾਬਾ ਬਕਾਲਾ, ਜੰਡਿਆਲਾ ਗੁਰੂ ਅਤੇ ਉੱਥੋਂ ਗੋਲਡਨ ਗੇਟ ਰਾਹੀਂ ਮਨਾਂਵਾਲੀ ਹੁੰਦੇ ਹੋਏ ਦੁਪਹਿਰ ਨੂੰ ਅੰਮ੍ਰਿਤਸਰ ਦੇ ਭਗਵਾਨ ਵਾਲਮੀਕਿ ਆਸ਼ਰਮ ਪਹੁੰਚਿਆ। ਰਸਤੇ ਵਿੱਚ, ਭਗਵਾਨ ਵਾਲਮੀਕਿ ਦਾ ਨਾਮ ਲੈਣ ਵਾਲੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਪਾਲਕੀ ਸਾਹਿਬ ਅਤੇ ਸ਼ੋਭਾਯਾਤਰਾ ਦਾ ਸਵਾਗਤ ਕੀਤਾ। ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਸਿੰਘ ਅਤੇ ਹਲਕੇ ਦੇ ਲੋਕਾਂ ਨੇ ਕਰਤਾਰਪੁਰ ਵਿੱਚ ਸ਼ਾਨਦਾਰ ਸਵਾਗਤ ਕੀਤਾ। ਡੈਨੀ ਬੰਡਾਲਾ ਦਾ ਦਸਤਾਰ ਪਹਿਨਾ ਕੇ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ, ਸਾਬਕਾ ਵਿਧਾਇਕ ਬੰਡਾਲਾ ਨੇ ਭਗਵਾਨ ਵਾਲਮੀਕਿ ਯੋਗ ਆਸ਼ਰਮ ਵਿੱਚ ਸਿਰ ਝੁਕਾਇਆ ਅਤੇ ਅਸ਼ੀਰਵਾਦ ਲਿਆ।
ਇਸ ਮੌਕੇ ਤੇ ਸਾਹਿਬ ਸਿੰਘ ਛੱਜਲਵਤੀ, ਤੇਜਿੰਦਰ ਭੰਡਾਰੀ, ਰਾਜੂ ਸਹੋਤਾ, ਐਡਵੋਕੇਟ ਰਣਜੀਤ ਸਿੰਘ, ਸੋਨੂੰ ਸ਼ੇਰਗਿੱਲ, ਇੰਦਰਜੀਤ ਸਿੰਘ, ਬਾਬਾ ਮਨਜੀਤ ਸਿੰਘ ਵਿਦਿਆਰਥੀ, ਬਾਬਾ ਵਿਜੇ ਕੁਮਾਰ, ਜੱਸੀ ਭੁੱਲਰ, ਗੁਰਮੇਲ ਸਿੰਘ, ਮਲੂਕ ਸਿੰਘ, ਜਤਿੰਦਰ ਸਿੰਘ, ਪ੍ਰਭਜੀਤ ਸਿੰਘ ਅਤੇ ਹੋਰ ਪੰਚ ਸਰਪੰਚਾਂ ਨੇ ਸ਼ੋਭਾਯਾਤਰਾ ਦਾ ਹਿੱਸਾ ਬਣੇ। ਸਵਾਮੀ ਪ੍ਰਗਟ ਨਾਥ ਜੀ ਮਹਾਰਾਜ ਨੇ ਉਨ੍ਹਾਂ ਸਾਰਿਆਂ ਨੂੰ ਸਿਰੋਪੇ ਪਾ ਕੇ ਅਸ਼ੀਰਵਾਦ ਦਿੱਤਾ।