ਪੰਜਾਬ ਸਰਕਾਰ ਨੇ ਵਿਧਵਾਵਾਂ ਅਤੇ ਨਿਆਸ਼ਰਿਤ ਔਰਤਾਂ ਲਈ ਵਿੱਤੀ ਸਾਲ 2025-26 ਵਿੱਚ 1170 ਕਰੋੜ ਰੁਪਏ ਰਾਖਵੇਂ: ਡਾ. ਬਲਜੀਤ ਕੌਰ
ਅਗਸਤ ਤੱਕ 6.66 ਲੱਖ ਲਾਭਪਾਤਰੀਆਂ ਨੂੰ 593.14 ਕਰੋੜ ਰੁਪਏ ਦੀ ਰਕਮ ਜਾਰੀ: ਡਾ. ਬਲਜੀਤ ਕੌਰ
ਚੰਡੀਗੜ੍ਹ: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿੱਤੀ ਸਾਲ 2025-26 ਲਈ ਵਿਧਵਾਵਾਂ ਅਤੇ ਨਿਆਸ਼ਰਿਤ ਔਰਤਾਂ ਦੀ ਵਿੱਤੀ ਸਹਾਇਤਾ ਯੋਜਨਾ ਹੇਠ 1170 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਗਸਤ 2025 ਤੱਕ 593.14 ਕਰੋੜ ਰੁਪਏ ਜਾਰੀ ਕਰਕੇ 6.66 ਲੱਖ ਔਰਤਾਂ ਨੂੰ ਸਿੱਧਾ ਲਾਭ ਦਿੱਤਾ ਜਾ ਚੁੱਕਾ ਹੈ। ਡਾ. ਬਲਜੀਤ ਕੌਰ ਨੇ ਕਿਹਾ, “ਮਾਨ ਸਰਕਾਰ ਦਾ ਟੀਚਾ ਸਿਰਫ਼ ਵਿੱਤੀ ਸਹਾਇਤਾ ਨਹੀਂ, ਸਗੋਂ ਔਰਤਾਂ ਨੂੰ ਆਤਮਵਿਸ਼ਵਾਸੀ ਅਤੇ ਸਵੈ-ਨਿਰਭਰ ਬਣਾਉਣਾ ਹੈ।”
ਡਾ. ਬਲਜੀਤ ਕੌਰ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਇਹ ਕੋਸ਼ਿਸ਼ ਸਿਰਫ਼ ਰਕਮ ਵੰਡਣ ਤੱਕ ਸੀਮਤ ਨਹੀਂ, ਬਲਕਿ ਉਹਨਾਂ ਮਹਿਲਾਵਾਂ ਨੂੰ ਇੱਕ ਨਵੀਂ ਉਮੀਦ ਦੇਣੀ ਹੈ ਜੋ ਜੀਵਨ ਦੀਆਂ ਮੁਸ਼ਕਲਾਂ ਵਿੱਚ ਹਿੰਮਤ ਨਾਲ ਅੱਗੇ ਵਧ ਰਹੀਆਂ ਹਨ। ਇਸ ਯੋਜਨਾ ਰਾਹੀਂ ਹਰ ਲਾਭਪਾਤਰੀ ਆਪਣੇ ਪਰਿਵਾਰ ਲਈ ਸਹਾਰਾ ਬਣਦੀ ਹੈ ਅਤੇ ਆਪਣੇ ਬੱਚਿਆਂ ਦਾ ਭਵਿੱਖ ਨਿਖਾਰ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਸਕੀਮਾਂ ਰਾਹੀਂ ਔਰਤਾਂ ਨੂੰ ਸਸ਼ਕਤ ਬਣਾਉਣ ਨਾਲ ਉਹ ਪਰਿਵਾਰ ਅਤੇ ਸਮਾਜ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਂਦੀਆਂ ਹਨ।ਡਾ. ਬਲਜੀਤ ਕੌਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਲਗਾਤਾਰ ਯਤਨਾਂ ਕਰਕੇ ਹੁਣ ਸਹਾਇਤਾ ਰਾਸ਼ੀ ਬਿਨਾਂ ਕਿਸੇ ਰੁਕਾਵਟ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਹੁੰਚ ਰਹੀ ਹੈ, ਜਿਸ ਨਾਲ ਪਾਰਦਰਸ਼ਤਾ ਅਤੇ ਵਿਸ਼ਵਾਸ ਦੋਵਾਂ ਵਧੇ ਹਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਇੱਕ ਸਮਾਜਿਕ ਤੌਰ 'ਤੇ ਸੁਰੱਖਿਅਤ, ਸਸ਼ਕਤ ਅਤੇ ਸਮਾਵੇਸ਼ੀ ਰਾਜ ਵੱਲ ਵੱਧ ਰਿਹਾ ਹੈ।