'ਸਪੋਕਸਮੈਨ ਟੀਵੀ' ਦੀ ਟੀਮ ਨੇ ਪੌਦੇ ਲਗਾ ਕੇ ਮਨਾਈ ਗ੍ਰੀਨ ਦਿਵਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮੂਹ ਪੰਜਾਬ ਵਾਸੀਆਂ ਨੂੰ ਪੌਦੇ ਲਗਾਉਣ ਦੀ ਕੀਤੀ ਅਪੀਲ

Spokesman team

ਐਸਏਐਸ ਨਗਰ (ਮੁਹਾਲੀ) : ਪ੍ਰਦੂਸ਼ਣ ਦੀ ਲਗਾਤਾਰ ਵਧ ਰਹੀ ਮਾਰ ਨੂੰ ਦੇਖਦੇ ਹੋਏ ਅਦਾਰਾ 'ਸਪੋਕਸਮੈਨ ਟੀਵੀ' ਵਲੋਂ ਸਮੂਹ ਪੰਜਾਬ ਵਾਸੀਆਂ ਪੌਦੇ ਲਗਾ ਕੇ ਗ੍ਰੀਨ ਦਿਵਾਲੀ ਮਨਾਉਣ ਦਾ ਸੰਦੇਸ਼ ਦਿਤਾ ਗਿਆ।

ਇਸ ਮੌਕੇ ਪੌਦੇ ਲਗਾਉਣ ਦੀ ਸ਼ੁਰੂਆਤ ਐਸਏਐਸ ਨਗਰ ਦੇ ਨਿਗਮ ਕਮਿਸ਼ਨਰ ਭੁਪਿੰਦਰਪਾਲ ਸਿੰਘ ਵਲੋਂ ਇਕ ਪੌਦਾ ਲਗਾ ਕੇ ਕੀਤੀ ਗਈ, ਜਿਸ ਤੋਂ ਬਾਅਦ ਸਪੋਕਸਮੈਨ ਟੀਵੀ ਦੀ ਪੂਰੀ ਟੀਮ ਨੇ ਨੇੜੇ ਦੇ ਬਿਜਲੀ ਬੋਰਡ ਦਫ਼ਤਰ ਵਿਖੇ ਪੌਦੇ ਲਗਾਏ। 

ਇਸ ਮੌਕੇ ਬੋਲਦਿਆਂ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ  ਕਿਹਾ ਕਿ ਵਾਤਾਵਰਣ ਦਿਨ ਪ੍ਰਤੀ ਪ੍ਰਦੂਸ਼ਤ ਹੁੰਦਾ ਜਾ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਦਿਵਾਲੀ ਮੌਕੇ ਇਹ ਪ੍ਰਦੂਸ਼ਣ ਹੋਰ ਵੀ ਜ਼ਿਆਦਾ ਵਧ ਜਾਵੇਗਾ। ਸੋ ਜੇਕਰ ਇਸ ਦਿਵਾਲੀ ਨੂੰ ਸਾਰੇ ਲੋਕ ਗ੍ਰੀਨ ਦਿਵਾਲੀ ਮਨਾਉਣ ਦਾ ਪ੍ਰਣ ਕਰ ਲੈਣ ਅਤੇ ਪੌਦੇ ਲਗਾ ਕੇ ਦਿਵਾਲੀ ਮਨਾਉਣ ਤਾਂ ਕਾਫ਼ੀ ਹੱਦ ਤਕ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਪੌਦੇ ਲਗਾ ਕੇ ਗ੍ਰੀਨ ਦਿਵਾਲੀ ਮਨਾਉਣ ਲਈ ਅਦਾਰਾ ਸਪੋਕਸਮੈਨ ਦੇ ਉੱਦਮ ਦੀ ਸ਼ਲਾਘਾ ਕੀਤੀ।  

ਇਸ ਤੋਂ ਇਲਾਵਾ ਸਪੋਕਮਸੈਨ ਟੀਵੀ ਦੀ ਟੀਮ ਨੇ ਸਮੂਹ ਪੰਜਾਬ ਵਾਸੀਆਂ ਨੂੰ ਇਸ ਵਾਰ ਗ੍ਰੀਨ ਦਿਵਾਲੀ ਮਨਾਉਣ ਦੀ ਸੰਦੇਸ਼ ਦਿਤਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਣ ਵਿਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। 

ਇਸ ਮੌਕੇ ਅਦਾਰਾ ਸਪੋਕਸਮੈਨ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਜਗਜੀਤ ਕੌਰ, ਸੰਪਾਦਕ ਸ਼ੰਗਾਰਾ ਸਿੰਘ ਭੁੱਲਰ, ਸ਼੍ਰੋਮਣੀ ਪੱਤਰਕਾਰ ਐਵਾਰਡ ਨਾਲ ਸਨਮਾਨਿਤ ਕਮਲਜੀਤ ਸਿੰਘ ਬਨਵੈਤ, ਰੁਪਿੰਦਰ,

ਸਪੋਕਸਮੈਨ ਟੀਵੀ ਦੇ ਸੀਨੀਅਰ ਪ੍ਰੋਡਿਊਸਰ ਮੱਖਣ ਸ਼ਾਹ, ਐਂਕਰ ਤੇ ਪ੍ਰੋਡਿਊਸਰ ਸੁਰਖ਼ਾਬ ਚੰਨ, ਜਤਿੰਦਰ ਸਿੰਘ, ਅੰਮ੍ਰਿਤਾ ਗਰਗ, ਕੰਟੈਂਟ ਰਾਈਟਰ ਨੀਲਮ ਧਵਲ, ਮਨਪ੍ਰੀਤ ਕੌਰ, ਗੁਰਬਿੰਦਰ ਸਿੰਘ, ਗੁਰਤੇਜ ਸਿੰਘ, ਕਿਰਨ,  ਵੈੱਬ ਅਪਲੋਡਰ ਗੁਰਵਿੰਦਰ ਸਿੰਘ ਭੱਟੀ, ਵੀਡੀਓ ਐਡੀਟਰ ਹਰਪ੍ਰੀਤ ਸਿੰਘ, ਇੰਗਲਿਸ਼ ਕੰਟੈਂਟ ਰਾਈਟਰ ਅਮਨਦੀਪ ਸਿੰਘ, ਕੈਮਰਾਮੈਨ ਕਰਨਵੀਰ ਸਿੰਘ ਮੌਜੂਦ ਸਨ।