ਗੁਆਂਢਣ ਨੂੰ ਵੱਢਣ ਵਾਲੇ ਪਾਲਤੂ ਕੁੱਤੇ ਦੀ ਮਾਲਕਣ ਨੂੰ ਛੇ ਮਹੀਨੇ ਦੀ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਹਾਲੀ ਵਿਚ ਅਪਣੀ ਕਿਸਮ ਦੇ ਪਹਿਲੇ ਮਾਮਲੇ ਵਿਚ ਉਸ ਔਰਤ ਨੂੰ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੇ ਕੁੱਤੇ ਨੇ ਗੁਆਂਢਣ ਨੂੰ ਵੱਢ ਲਿਆ ਸੀ। ....

Dog Bit A woman

ਐਸ.ਏ.ਐਸ. ਨਗਰ  (ਸੁਖਦੀਪ ਸਿੰਘ ਸੋਈਂ) : ਮੁਹਾਲੀ ਵਿਚ ਅਪਣੀ ਕਿਸਮ ਦੇ ਪਹਿਲੇ ਮਾਮਲੇ ਵਿਚ ਉਸ ਔਰਤ ਨੂੰ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੇ ਕੁੱਤੇ ਨੇ ਗੁਆਂਢਣ ਨੂੰ ਵੱਢ ਲਿਆ ਸੀ। ਗੁਆਂਢੀ ਨੂੰ ਵੱਢਣ ਦੀ ਘਟਨਾ ਅਪ੍ਰੈਲ 2018 ਵਿਚ ਵਾਪਰੀ ਸੀ। ਅਦਾਲਤ ਨੇ ਕੁੱਤੇ ਦੀ ਮਾਲਕਣ ਮੀਨਾਕਸ਼ੀ ਨੂੰ ਲਾਪਰਵਾਹੀ ਦੀ ਦੋਸ਼ੀ ਕਰਾਰ ਦਿਤਾ ਤੇ ਉਸ ਨੂੰ 1500 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ।

ਮੀਨਾਕਸ਼ੀ ਨਾਮ ਦੀ ਉਹ ਮਹਿਲਾ ਜਿਸਨੂੰ ਸਜਾ ਸੁਣਾਈ ਗਈ ਹੈ ਸਥਾਨਕ ਫੇਜ਼-10 ਵਿੱਚ ਰਹਿੰਦੀ ਹੈ ਤੇ ਆਪਣਾ ਬਿਊਟੀ ਪਾਰਲਰ ਚਲਾਉਂਦੀ ਹੈ। ਹਾਲ ਦੀ ਘੜੀ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਕਿ ਤਾਂ ਜੋ ਉਹ ਇਸ ਫੈਸਲੇ ਵਿਰੁੱਧ ਅਪੀਲ ਕਰ ਸਕੇ। ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਹਿਤ ਬਾਂਸਲ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਮੀਨਾਕਸ਼ੀ  ਨੇ ਆਪਣੇ ਪਾਲਤੂ ਕੁੱਤੇ ਨੂੰ ਚੰਗੀ ਤਰ੍ਹਾਂ ਨਿਗਰਾਨੀ ਵਿੱਚ ਨਹੀਂ ਰੱਖਿਆ ਅਤੇ ਇਸ ਕਾਰਨ ਕੁੱਤੇ ਨੇ ਸ਼ਿਕਾਇਤਕਰਤਾ ਨੂੰ ਵੱਢ ਕੇ ਜ਼ਖਮੀ ਕਰ ਦਿੱਤਾ।

ਇਸ ਸਬੰਧੀ 21 ਅਪ੍ਰੈਲ, 2018 ਨੂੰ ਮੁਹਾਲੀ ਦੇ ਫੇਜ਼ 11 ਦੇ ਪੁਲੀਸ ਥਾਣੇ ਵਿੱਚ ਸ੍ਰੀਮਤੀ ਰਸ਼ਪਾਲ ਕੌਰ ਵੱਲੋਂ ਮੀਨਾਕਸ਼ੀ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ ਸੀ। ਕੁੱਤੇ ਵਲੋਂ  ਵੱਢੇ ਜਾਣ ਕਾਰਨ ਸ੍ਰੀਮਤੀ ਰਸ਼ਪਾਲ ਕੌਰ ਨੂੰ ਮੁਹਾਲੀ ਦੇ ਫੇਜ਼ 6 ਸਥਿਤ ਸਰਕਾਰੀ ਹਸਪਤਾਲ ਵਿੱਚ ਦਖਿਲ ਹੋਣਾ ਪਿਆ ਸੀ। ਪੀੜਿਤ ਮਹਿਲਾ ਰਸ਼ਪਾਲ ਕੌਰ ਨੇ ਪੁਲੀਸ ਨੂੰ ਦਸਿਆ ਸੀ ਕਿ ਉਹ ਫੇਜ਼ 10 ਦੇ ਇੱਕ ਮਕਾਨ ਦੀ ਪਹਿਲੀ ਮੰਜ਼ਿਲ ਉੱਤੇ ਅਪਣੇ ਪਰਵਾਰ ਨਾਲ ਰਹਿ ਰਹੇ ਸਨ। ਮੀਨਾਕਸ਼ੀ ਤੇ ਉਸ ਦਾ ਪਰਵਾਰ ਉਸੇ ਮਕਾਨ ਦੀ ਜ਼ਮੀਨੀ ਮੰਜ਼ਿਲ ਤੇ ਰਹਿ ਰਿਹਾ ਸੀ।

ਸ਼ਿਕਾਇਤਕਰਤਾ ਅਨੁਸਾਰ ਮੀਨਾਕਸ਼ੀ ਨੇ ਘਟਨਾ ਵਾਪਰਨ ਤੋਂ ਤਿੰਨ ਕੁ ਮਹੀਨੇ ਪਹਿਲਾਂ ਇੱਕ ਆਵਾਰਾ ਕੁੱਤੇ ਨੂੰ ਪਾਲ ਲਿਆ ਸੀ ਤੇ ਉਹ ਉਸ ਦੇ ਪਰਿਵਾਰ ਨਾਲ ਹੇਠਲੀ ਮੰਜ਼ਿਲ ਤੇ ਹੀ ਰਹਿ ਰਿਹਾ ਸੀ।  ਸ਼ਿਕਾਇਤ ਕਰਤਾ ਅਨੁਸਾਰ ਉਹ 21 ਅਪ੍ਰੈਲ ਨੂੰ ਦੁੱਧ ਲੈਣ ਲਈ ਸਵੇਰੇ 8 ਕੁ ਵਜੇ ਪੌੜੀਆਂ ਉਤਰ ਕੇ ਹੇਠਾਂ ਗਏ ਤਾਂ ਕੁੱਤੇ ਨੇ ਉਨ੍ਹਾਂ ਦੀ ਖੱਬੀ ਕੂਹਣੀ ਤੇ ਵੱਢ ਲਿਆ ਤੇ ਉਨ੍ਹਾਂ ਨੂੰ ਹਸਪਤਾਲ ਦਾਖਿਲ ਹੋਣਾ ਪਿਆ।