5 ਨਵੰਬਰ ਦੇ ਦੇਸ਼ਵਿਆਪੀ ਚੱਕਾ ਜਾਮ ਲਈ ਕਿਸਾਨ ਯੂਨੀਅਨ ਵੱਲੋਂ ਤਿਆਰੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਦੌਰਾਨ ਹਰ ਪੱਧਰ ਦੀਆਂ ਔਰਤ ਵਿੰਗ ਆਗੂਆਂ ਤੇ ਸਰਗਰਮ ਨੌਜਵਾਨ ਆਗੂਆਂ ਸਣੇ ਸੈਂਕੜੇ ਜਥੇਬੰਦਕ ਕਾਰਕੁਨ ਸ਼ਾਮਲ ਹੋਣਗੇ।

protest

ਬਰਨਾਲਾ-  ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ 5 ਨਵੰਬਰ ਨੂੰ 4 ਘੰਟੇ ਲਈ ਸੜਕਾਂ ਤੇ ਜਾਮ ਕੀਤਾ ਜਾਵੇਗਾ। ਇਸ ਸੱਦੇ ਦੀ ਮੁਕੰਮਲ ਕਾਮਯਾਬੀ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਇਥੋਂ ਥੋੜੀ ਦੂਰ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਸੂਬਾ ਪੱਧਰੀ ਤਿਆਰੀ ਮੀਟਿੰਗ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਦੌਰਾਨ ਹਰ ਪੱਧਰ ਦੀਆਂ ਔਰਤ ਵਿੰਗ ਆਗੂਆਂ ਤੇ ਸਰਗਰਮ ਨੌਜਵਾਨ ਆਗੂਆਂ ਸਣੇ ਸੈਂਕੜੇ ਜਥੇਬੰਦਕ ਕਾਰਕੁਨ ਸ਼ਾਮਲ ਹੋਣਗੇ। 

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਮੌਜੂਦਾ ਘੋਲ਼ ਦੇ ਵੱਖ ਵੱਖ ਪੜਾਵਾਂ ਤੇ ਬੀਤੇ ਤਿੰਨ ਮਹੀਨਿਆਂ ਦੌਰਾਨ ਪੰਜਾਬ ਭਰ ਦੇ ਪੇਂਡੂ ਕਿਸਾਨਾਂ ਮਜਦੂਰਾਂ ਤੇ ਹੋਰ ਕਿਰਤੀਆਂ, ਸਨਅਤੀ ਕਾਮਿਆਂ, ਔਰਤਾਂ, ਨੌਜਵਾਨਾਂ, ਮੁਲਾਜ਼ਮਾਂ, ਕਲਾਕਾਰਾਂ, ਬੁੱਧੀਜੀਵੀਆਂ,ਵਕੀਲਾਂ, ਪੱਤਰਕਾਰਾਂ ਤੋਂ ਇਲਾਵਾ ਆੜ੍ਹਤੀਆਂ ਸਮੇਤ ਹਰ ਵਰਗ ਦੇ ਸ਼ਹਿਰੀਆਂ ਵੱਲੋਂ ਮਿਲੇ ਸਹਿਯੋਗ ਦੀ ਮਹੱਤਤਾ ਉੱਤੇ ਜੋਰ ਦਿੱਤਾ। 

ਸੂਦਖੋਰੀ ਲੁੱਟ ਵਿਰੁੱਧ ਆੜ੍ਹਤੀਆਂ ਨਾਲ ਟਕਰਾਅ ਨੂੰ ਇਸ ਸਮੇਂ ਪਿੱਛੇ ਰੱਖਦੇ ਹੋਏ ਸਮੂਹ ਸ਼ਹਿਰੀਆਂ ਵੱਲੋਂ ਵੀ ਆਪਣੇ ਕਿੱਤਿਆਂ ਦੀ ਰਾਖੀ ਲਈ ਅਪਣਾਏ ਗਏ ਸਹਿਯੋਗੀ ਸਾਂਝ ਦੇ ਪੈਂਤੜੇ ਨੂੰ ਢੁੱਕਵਾਂ ਹੁੰਗਾਰਾ ਦਿੰਦੇ ਹੋਏ ਤਾਲਮੇਲ ਵਧਾਉਣ ਦਾ ਸੱਦਾ ਦਿੱਤਾ ਗਿਆ। 25 ਸਤੰਬਰ ਦੇ ਪੰਜਾਬ ਬੰਦ ਸਮੇਂ ਸ਼ਹਿਰੀਆਂ ਵੱਲੋਂ ਮਿਲੇ ਲਾਮਿਸਾਲ ਹੁੰਗਾਰੇ ਵਾਲੀ ਤੜ੍ਹ ਨੂੰ ਦੁਸ਼ਹਿਰੇ ਮੌਕੇ ਮੱਠਾ ਪਾਉਣ ਲਈ ਸਿਆਸੀ ਮੌਕਾਪ੍ਰਸਤਾਂ ਖਾਸ ਕਰ ਕਾਂਗਰਸੀ ਆਗੂਆਂ ਵੱਲੋਂ ਸ਼ਰੇਆਮ ਅਪਣਾਏ ਪੈਂਤੜੇ ਤੋਂ ਵੀ ਚੌਕਸ ਰਹਿਣ ਤੇ ਜੋਰ ਦਿੱਤਾ ਗਿਆ।

ਉਗਰਾਹਾਂ ਨੇ ਦੱਸਿਆ ਕਿ 5 ਨਵੰਬਰ ਨੂੰ 14 ਜ਼ਿਲ੍ਹਿਆਂ ‘ਚ 26 ਥਾਂਵਾਂ 'ਤੇ ਚੱਕਾ ਜਾਮ ਅਤੇ 2 ਨਿੱਜੀ ਥਰਮਲਾਂ ਦੇ ਕੋਲਾ ਰੋਕੋ ਘਿਰਾਓ ਕੀਤੇ ਜਾ ਰਹੇ ਹਨ। ਇਸ ਮੌਕੇ ਹਰ ਥਾਂ ਹਜ਼ਾਰਾਂ ਦੇ ਇਕੱਠ ਕਰ ਕੇ ਭਾਜਪਾ ਦੀ ਮੋਦੀ ਹਕੂਮਤ ਨੂੰ ਮੂੰਹਤੋੜ ਜੁਆਬ ਦਿੱਤਾ ਜਾਵੇਗਾ। ਜਿਸ ਵੱਲੋਂ ਸਮੂਹ ਕਿਸਾਨਾਂ ਦੀਆਂ ਜ਼ਮੀਨਾਂ, ਮਜ਼ਦੂਰਾਂ ਦੇ ਰੁਜ਼ਗਾਰ ਤੇ ਹੋਰ ਕਿਰਤੀਆਂ ਦੇ ਕਾਰੋਬਾਰਾਂ ਨੂੰ ਕਾਰਪੋਰੇਟਾਂ ਦੁਆਰਾ ਹੜੱਪਣ ਵਾਲੇ ਖੇਤੀ ਕਾਨੂੰਨ ਬਣਾਏ ਗਏ ਹਨ। ਲਾਮਿਸਾਲ ਲਾਮਬੰਦੀਆਂ ਵਾਲੇ ਇਕਜੁੱਟ ਕਿਸਾਨ ਘੋਲ਼ ਨੂੰ ਬਦਨਾਮ ਕਰਨ ਲਈ ਝੂਠੇ ਬਹਾਨੇ ਹੇਠਾਂ ਰੇਲਾਂ ਖੁਦ ਜਾਮ ਕਰਕੇ ਪੰਜਾਬ ਤੇ ਜੰਮੂ ਕਸ਼ਮੀਰ ਦੀ ਖੇਤੀ ਸਣੇ ਸਾਰੇ ਕਾਰੋਬਾਰ ਠੱਪ ਕੀਤੇ ਗਏ ਹਨ। ਪੰਜਾਬ ਦਾ ਵਿਕਾਸ ਫੰਡ ਅਤੇ ਜੀ ਐਸ ਟੀ ਦਾ ਹਿੱਸਾ ਜਾਮ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਕਰਜਿਆਂ ਦੇ ਵਿਆਜ ਉੱਤੇ ਵਿਆਜ ਦੀ ਛੋਟ ਤੋਂ ਵਾਂਝੇ ਕਰਕੇ ਉੱਪਰੋਥਲ਼ੀ ਬਦਲਾਖੋਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਕਿਵੇਂ ਜਥੇਬੰਦੀ ਵੱਲੋਂ ਹੁਣ ਤੱਕ ਦੇ ਆਜ਼ਾਦ ਘੋਲ਼ ਐਕਸ਼ਨਾਂ ਤੇ ਸਾਰੇ ਇਕਜੁੱਟ ਘੋਲ਼ ਐਕਸ਼ਨਾਂ ਨੂੰ ਜੀ ਜਾਨ ਨਾਲ ਪੂਰਾ ਤਾਣ ਲਾ ਕੇ ਕਾਮਯਾਬ ਕਰਨ ਰਾਹੀਂ ਕਿਸਾਨ ਘੋਲ਼ ਨੂੰ ਸਿਖਰਾਂ ਵੱਲ ਲਿਜਾਣ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ। ਹਰਿਆਣਾ ਰਾਜਸਥਾਨ ਦੇ ਕਿਸਾਨਾਂ ਨਾਲ ਵੀ ਰਾਬਤਾ ਬਣਾ ਕੇ ਸਾਂਝੇ ਐਕਸ਼ਨਾਂ ਦੀ ਲੜੀ ਤੋਰੀ ਜਾ ਰਹੀ ਹੈ। ਭਾਜਪਾ ਹਕੂਮਤ ਦੀਆਂ ਫਿਰਕਾਪ੍ਰਸਤ ਅਤੇ ਜ਼ਾਤਪ੍ਰਸਤ ਚਾਲਾਂ ਨੂੰ ਪਛਾੜਿਆ ਹੈ।

ਸਟੇਜ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸਮੂਹ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਜਥੇਬੰਦਕ ਨੀਤੀਆਂ ਤੇ ਘੋਲ਼ ਸੇਧ ਬਾਰੇ ਦਿੱਤੀ ਗਈ ਜਾਣਕਾਰੀ ਨੂੰ ਪੱਲੇ ਬੰਨ੍ਹ ਕੇ 5 ਨਵੰਬਰ ਦੇ ਹਾਈਵੇਅ ਜਾਮ ਨੂੰ ਜੋਸ਼ ਖਰੋਸ਼ ਨਾਲ ਵੱਡੇ ਤੋਂ ਵੱਡੇ ਇਕੱਠ ਕਰ ਕੇ ਕਾਮਯਾਬ ਕੀਤਾ ਜਾਵੇ। ਉਸ ਤੋਂ ਅਗਲੇ 26-27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੇ ਦੇਸ਼ਵਿਆਪੀ ਸੱਦੇ ਦੀ ਕਾਮਯਾਬੀ ਲਈ ਹੋਰ ਵੀ ਵਿਆਪਕ ਲਾਮਬੰਦੀਆਂ ਲਈ ਫੰਡ ਇਕੱਠੇ ਕਰਨ ਸਮੇਤ ਰੈਲੀਆਂ, ਮੀਟਿੰਗਾਂ, ਝੰਡਾ ਮਾਰਚਾਂ ਦਾ ਤਾਂਤਾ ਬੰਨ੍ਹਿਆ ਜਾਵੇ।