ਭਾਰਤੀ ਮੂਲ ਦੀ ਪ੍ਰਿਅੰਕਾ ਨਿਊਜ਼ੀਲੈਂਡ ਸਰਕਾਰ ਦੇ ਸੰਭਾਵੀ ਮੰਤਰੀਆਂ ਦੀ ਸੂਚੀ 'ਚ ਸ਼ਾਮਲ
ਭਾਰਤੀ ਮੂਲ ਦੀ ਪ੍ਰਿਅੰਕਾ ਨਿਊਜ਼ੀਲੈਂਡ ਸਰਕਾਰ ਦੇ ਸੰਭਾਵੀ ਮੰਤਰੀਆਂ ਦੀ ਸੂਚੀ 'ਚ ਸ਼ਾਮਲ
ਆਕਲੈਂਡ, 2 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੀ 53ਵੀਂ ਸੰਸਦੀ ਚੋਣਾਂ ਬੀਤੀ 17 ਅਕਤੂਬਰ ਨੂੰ ਖਤਮ ਹੋ ਗਈਆਂ ਸਨ ਪਰ ਸਰਕਾਰੀ ਤੌਰ ਉਤੇ ਅੰਤਿਮ ਨਤੀਜਿਆ ਦਾ ਐਲਾਨ ਸ਼ੁਕਰਵਾਰ 6 ਨਵੰਬਰ ਨੂੰ ਕੀਤਾ ਜਾਣਾ ਹੈ। ਇਨ੍ਹਾਂ ਵੋਟਾਂ ਦੇ ਰੁਝਾਨੀ ਨਤੀਜਿਆਂ ਅਨੁਸਾਰ ਲੇਬਰ ਪਾਰਟੀ ਇਸ ਵੇਲੇ 64 ਸੀਟਾਂ ਜਿੱਤ ਰਹੀ ਹੈ, ਨੈਸ਼ਨਲ 35 ਸੀਟਾਂ, ਐਕਟ ਪਾਰਟੀ ਨੂੰ 10 ਸੀਟਾਂ, ਗ੍ਰੀਨ ਪਾਰਟੀ ਨੂੰ 10 ਸੀਟਾਂ, ਮਾਓਰੀ ਪਾਰਟੀ ਨੂੰ ਇਕ ਸੀਟ ਮਿਲ ਰਹੀ ਹੈ। ਸ਼ੁਕਰਵਾਰ ਨੂੰ ਹੋਂਦ ਵਿਚ ਆ ਰਹੀ ਨਵੀਂ ਸਰਕਾਰ ਸਹੁੰ ਚੁੱਕੇਗੀ ਅਤੇ ਅਪਣੇ ਮੰਤਰੀ ਮੰਡਲ ਨੂੰ ਸਹੁੰ ਚੁਕਾਏਗੀ।
ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅਪਣੇ 20 ਕੈਬਨਿਟ ਮੰਤਰੀਆਂ ਅਤੇ 4 ਮੰਤਰੀਆਂ ਅਤੇ 2 ਸਹਿਯੋਗੀ ਪਾਰਟੀ ਦੇ ਮੰਤਰੀਆਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ। ਭਾਰਤੀਆਂ ਲਈ ਇਸ ਵਾਰ ਖਾਸ ਖਿੱਚ ਭਰੀ ਖਬਰ ਇਹ ਹੈ ਕਿ ਇਥੇ ਪਹਿਲੀ ਵਾਰ ਕਿਸੀ ਭਾਰਤੀ ਮੂਲ ਦੀ ਸਾਂਸਦ ਰਾਧਾ ਕ੍ਰਿਸ਼ਨਨ ਨੂੰ ਇਸ ਵਾਰ ਮੰਤਰੀ ਪਦ ਲਈ ਚੁਣ ਲਿਆ ਗਿਆ ਹੈ। ਰਾਧਾ ਕ੍ਰਿਸ਼ਨਨ ਕੋਲ ਤਿੰਨ ਮੰਤਰਾਲੇ ਰਹਿਣਗੇ ਜਿਨ੍ਹੰਾਂ 'ਚ 'ਕਮਿਊਨਿਟੀ ਅਤੇ ਵਲੰਟੀਅਰ ਮੰਤਰਾਲਾ', 'ਡਾਇਵਰਸਿਟੀ-ਇਨਕਲੂਜ਼ਨ-ਏਥਨਿਕ ਮੰਤਰਾਲਾ' ਅਤੇ 'ਯੂਥ ਮੰਤਰਾਲਾ' ਦਾ ਕਾਰਜ ਭਾਰ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਉਹ 'ਸ਼ੋਸਲ ਡਿਵੈਲਪਮੈਂਟ ਅਤੇ ਇੰਪਲਾਇਮੈਂਟ' ਦੇ ਸਹਾਇਕ ਮੰਤਰੀ ਰਹਿਣਗੇ।
ਦੇਸ਼ ਦੇ ਉਪ ਪ੍ਰਧਾਨ ਮੰਤਰੀ ਸਾਂਸਦ ਗ੍ਰਾਂਟ ਰੌਬਰਟਸਨ ਰਹਿਣਗੇ ਜਿਨ੍ਹਾਂ ਕੋਲ ਫਾਇਨਾਂਸ, ਇਨਫ੍ਰਾਸਟਰਕਚਰ, ਰੇਸਿੰਗ ਅਤੇ ਸਪੋਰਟਸ ਅਤੇ ਰੀਕ੍ਰੀਏਸ਼ਨ ਹੋਣਗੇ। ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਅਫੂਈ ਹੋਣਗੇ ਜੋ ਕਿ ਇਸ ਵੇਲੇ ਵੀ ਕੁੱਝ ਸਮੇਂ ਤੋਂ ਅਜਿਹੀਆਂ ਸੇਵਾਵਾਂ ਨਿਭਾਅ ਰਹੇ ਹਨ। ਉਹ ਬ੍ਰਾਡਕਾਸਟਿੰਗ ਅਤੇ ਮੀਡੀਆ ਅਤੇ ਜਸਟਿਸ ਮੰਤਰਾਲਾ ਵੀ ਵੇਖਣਗੇ। ਦੇਸ਼ ਦੇ ਇਤਿਹਾਸ ਵਿਚ ਵਿਦੇਸ਼ ਮੰਤਰੀ ਪਹਿਲੀ ਵਾਰ ਇਕ ਮਹਿਲਾ ਸਾਂਸਦ ਬਣੇਗੀ ਜਿਸ ਦਾ ਨਾਂ ਨਾਨਾਈਆ ਮਾਹੁਟਾ ਹੈ ਅਤੇ 1996 ਤੋਂ ਉਹ ਮੈਂਬਰ ਪਾਰਲੀਮੈਂਟ ਚੱਲੀ ਆ ਰਹੀ ਹੈ। ਇਹ ਪਹਿਲੀ ਮਹਿਲਾ ਸਾਂਸਦੇ ਹੈ ਜਿਸ ਦੇ ਚਿਹਰੇ ਉਤੇ ਮਾਓਰੀ ਸਭਿਆਚਾਰ ਦਾ ਪ੍ਰਤੀਕ ਪੱਕੀ ਸਿਆਹੀ ਵਾਲਾ ਟੈਟੂ ਬਣਿਆ ਹੈ।
ਪ੍ਰਧਾਨ ਮੰਤਰੀ ਨੇ ਅੱਜ ਐਲਾਨ ਕੀਤਾ ਹੈ ਕਿ ਜਿਹੜਾ ਵੀ ਮੰਤਰੀ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਾਲ ਨਹੀਂ ਨਿਭਾਏਗਾ ਉਸਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ। ਅਗਲੇ ਤਿੰਨ ਸਾਲ ਜਿਥੇ ਕੋਵਿਡ-19 ਦੇ ਨਾਲ ਲੜਿਆ ਜਾਵੇਗਾ ਉਥੇ ਦੂਜੇ ਦੇਸ਼ਾਂ ਨਾਲ ਵਪਾਰਕ ਸਬੰਧ ਮਜ਼ਬੂਤ ਕੀਤੇ ਜਾਣਗੇ।
News Pic:
NZ P93 ੦੨ Nov-੧
ਨਿਊਜ਼ੀਲੈਂਡ 'ਚ ਇਤਿਹਾਸ ਸਿਰਜ ਰਹੀ ਭਾਰਤੀ ਮਹਿਲਾ ਰਾਧਾ ਕ੍ਰਿਸ਼ਨਨ ਜੋ ਸ਼ੁੱਕਰਵਾਰ ਨੂੰ ਮੰਤਰੀ ਪੱਦ ਦੀ ਸਹੁੰ ਚੁੱਕੇਗੀ।
ਨਿਊਜ਼ੀਲੈਂਡ ਦੀ ਅਗਲੀ ਸਰਕਾਰ ਦੇ ਵਿਚ ਪਹਿਲੇ 10 ਮੰਤਰੀ ਸਾਹਿਬਾਨ।