ਝੋਨੇ ਦੀ ਖ਼ਰੀਦ ਵਿਚ ਨਵਾਂ ਮਾਅਰਕਾ, ਮਿੱਥੇ ਟੀਚੇ ਦੀ 96 ਫ਼ੀ ਸਦੀ ਪ੍ਰਾਪਤੀ ਕੀਤੀ
ਝੋਨੇ ਦੀ ਖ਼ਰੀਦ ਵਿਚ ਨਵਾਂ ਮਾਅਰਕਾ, ਮਿੱਥੇ ਟੀਚੇ ਦੀ 96 ਫ਼ੀ ਸਦੀ ਪ੍ਰਾਪਤੀ ਕੀਤੀ
170 ਲੱਖ ਟਨ ਵਿਚੋਂ 154 ਲੱਖ ਟਨ ਖ਼ਰੀਦਿਆ g ਕਿਸਾਨਾਂ ਨੂੰ ਅਦਾਇਗੀ 25357 ਕਰੋੜ ਦੀ ਕੀਤੀ
ਚੰਡੀਗੜ੍ਹ, 2 ਨਵੰਬਰ (ਜੀ.ਸੀ. ਭਾਰਦਵਾਜ): ਪਿਛਲੇ ਸਵਾ ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਅਤੇ ਰੇਲ ਰੋਕੋ ਸੰਘਰਸ਼ ਸਮੇਤ ਪੰਜਾਬ 'ਚ ਰਾਜ ਸਰਕਾਰ ਅਤੇ ਕੇਂਦਰ ਸਰਕਾਰ 'ਚ ਚੱਲ ਰਹੇ ਤਕਰਾਰ ਦੇ ਬਾਵਜੂਦ ਮਿਹਨਤੀ ਕਿਸਾਨਾਂ ਦੀ ਸੋਨੇ ਰੰਗੀ ਫ਼ਸਲ, ਝੋਨੇ ਦੀ ਖ਼ਰੀਦ ਸੂਬੇ ਦੀਆਂ ਚਾਰ ਏਜੰਸੀਆਂ ਨੇ ਹੁਣ ਤਕ ਮਿੱਥੇ ਟੀਚੇ ਦਾ 96 ਫ਼ੀ ਸਦੀ ਪੂਰਾ ਕਰ ਲਿਆ ਹੈ ਅਤੇ ਕਿਸਾਨਾਂ ਨੂੰ ਹੁਣ ਤਕ 25357 ਕਰੋੜ ਦੀ ਅਦਾਇਗੀ ਵੀ ਕਰ ਦਿਤੀ ਹੈ। ਅੱਜ ਇਥੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੁੱਝ ਜ਼ਰੂਰੀ ਪਾਬੰਦੀਆਂ ਉਤੇ ਰੋਕਾਂ ਦੇ ਬਾਵਜੂਦ ਮਿਹਨਤੀ ਸਟਾਫ਼ ਅਤੇ ਸਰਕਾਰੀ ਏਜੰਸੀਆਂ ਨੇ 170 ਲੱਖ ਟਨ ਝੋਨੇ ਦੇ ਮਿੱਥੇ ਟੀਚੇ 'ਚੋਂ 154 ਲੱਖ ਟਨ ਝੋਨਾ ਖ਼ਰੀਦ ਕੇ, ਤੈਅ ਸ਼ੁਦਾ ਸ਼ੈਲਰ ਮਾਲਕਾਂ ਕੋਲ ਪੁਚਾ ਦਿਤਾ ਹੈ, ਜਿਥੋਂ ਇਹ ਮਾਲ ਕੇਂਦਰੀ ਭੰਡਾਰ ਵਾਸਤੇ ਆਉਂਦੇ 6 ਮਹੀਨਿਆਂ ਵਿਚ ਤਿਆਰ ਕਰ ਕੇ ਸਟੋਰਾਂ 'ਚ ਜਮ੍ਹਾਂ ਕਰ ਦਿਤਾ ਜਾਵੇਗਾ।
ਅਨਾਜ ਸਪਲਾਈ ਮੰਤਰੀ ਨੇ ਦਸਿਆ ਕਿ ਕੇਂਦਰ ਸਰਕਾਰ ਦੇ ਅੜੀਅਲ ਰਵਈਏ ਕਾਰਨ ਮਾਲ ਗੱਡੀਆਂ 'ਚ ਕੋਲਕਾਤਾ ਤੋਂ ਆਉਣ ਵਾਲਾ ਬਾਰਦਾਨਾ ਯਾਨੀ 2,75,000,00 (ਪੌਣੇ 3 ਕਰੋੜ) ਥੈਲੇ ਬੋਰੀਆਂ ਰਾਹ ਵਿਚ ਹੀ ਰੁਕਿਆ ਪਿਆ ਹੈ, ਉਤੋਂ ਪੰਜਾਬ ਦੇ ਗੋਦਾਮਾਂ ਵਿਚੋਂ ਦੂਜੇ ਰਾਜਾਂ ਨੂੰ ਭੇਜਿਆ ਜਾਣ ਵਾਲਾ ਅਨਾਜ ਇਥੇ ਹੀ ਰੁਕ ਗਿਆ ਹੈ। ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ ਇਸ ਸੀਜ਼ਨ 'ਚ ਝੋਨਾ ਖ਼ਰੀਦ ਦੇ ਸ਼ੁਰੂ 'ਚ 170 ਲੱਖ ਟਨ ਦੀ ਆਮਦ, ਪੰਜਾਬ ਦੇ 3200 ਖ਼ਰੀਦ ਕੇਂਦਰਾਂ 'ਚ ਸੰਭਾਵਨਾ ਸੀ ਪਰ ਰੋਜ਼ਾਨਾ 5 ਲੱਖ ਟਨ ਤੋਂ ਵੱਧ ਆਮਦ ਕਾਰਨ, ਹੁਣ ਕੁਲ ਖ਼ਰੀਦ 182 ਲੱਖ ਟਨ ਤੋਂ ਵੀ ਵੱਧ ਹੋ ਸਕਦੀ ਹੈ।
ਲੰਬੇ ਚੌੜੇ ਵੇਰਵੇ ਅਤੇ ਅੰਕੜੇ ਦਿੰਦੇ ਹੋਏ ਅਨਾਜ ਸਪਲਾਈ ਮੰਤਰੀ ਨੇ ਦਸਿਆ ਕਿ ਅਜੇ ਤਕ ਸਰਕਾਰੀ ਏਜੰਸੀ
ਪਨਗ੍ਰੇਨ ਨੇ ਸੱਭ ਤੋਂ ਵੱਧ 61.5 ਲੱਖ ਟਨ, ਮਾਰਕਫ਼ੈੱਡ ਨੇ 39 ਲੱਖ ਟਨ, ਪਨਸਪ ਨੇ 31.5 ਲੱਖ ਟਨ ਤੇ ਵੇਅਰ ਹਾਊਸ ਕਾਰਪੋਰੇਸ਼ਨ ਨੇ 16.25 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਹੈ। ਬਾਕੀ 50,000 ਟਨ ਦੇ ਕਰੀਬ ਨਿਜੀ ਵਪਾਰੀਆਂ ਨੇ ਖ਼ਰੀਦਿਆ ਹੈ। ਪਿਛਲੇ ਸਾਲ ਕੁਲ ਖ਼ਰੀਦ 163 ਲੱਖ ਟਨ ਹੋਈ ਸੀ। ਕੇਂਦਰੀ ਅਨਾਜ ਕਾਰਪੋਰੇਸ਼ਨ-ਐਫ਼ਸੀਆਈ ਬਾਰੇ, ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਸ ਕੇਂਦਰੀ ਏਜੰਸੀ ਨੂੰ, ਝੋਨੇ ਦੀ ਮੰਡੀਆਂ 'ਚ ਆਮਦ 'ਚੋਂ 5 ਪ੍ਰਤੀਸ਼ਤ ਖ਼ਰੀਦ ਕਰਨ ਦਾ ਟੀਚਾ ਯਾਨੀ 9 ਲੱਖ ਟਨ ਖ਼ਰੀਦਣਾ ਜ਼ਿੰਮੇ ਲਾਇਆ ਸੀ ਪਰ ਹੁਣ ਤਕ ਐਫ਼ਸੀਆਈ ਨੇ ਕੇਵਲ 1.91 ਲੱਖ ਟਨ ਹੀ ਖ਼ਰੀਦ ਕੀਤੀ ਹੈ ਜੋ ਸਿਰਫ਼ 1.3 ਫ਼ੀ ਸਦੀ ਬਣਦਾ ਹੈ। ਮੰਤਰੀ ਨੇ ਦਸਿਆ ਕਿ ਝੋਨੇ ਦੀ ਵੱਡੀ ਪੱਧਰ 'ਤੇ ਖ਼ਰੀਦ ਪੰਜਾਬ ਦੀ ਮੰਡੀਆਂ 'ਚ 15 ਨਵੰਬਰ ਤਕ ਖ਼ਤਮ ਕਰ ਲਈ ਜਾਵੇਗੀ, ਜੇ ਫਿਰ ਵੀ ਆਮਦ ਜਾਰੀ ਰਹੀ ਤਾਂ ਇਹ ਖ਼ਰੀਦ 30 ਨਵੰਬਰ ਤਕ ਚਲਾਵਾਂਗੇ।
ਫੋਟੋ ਭਾਰਤ ਭੂਸ਼ਣ ਆਸ਼ੂ