ਸਿੱਖ ਕੈਦੀ ਦੀ ਪਿੱਠ 'ਤੇ ਗਰਮ ਸਰੀਏ ਨਾਲ ਲਿਖਿਆ ਅੱਤਵਾਦੀ, ਕੈਦੀ ਨੇ ਸੁਪਰਡੈਂਟ 'ਤੇ ਲਗਾਏ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਦੀ ਨੇ ਬਰਨਾਲਾ ਜੇਲ੍ਹ ਦੇ ਸੁਪਰਡੈਂਟ 'ਤੇ ਲਗਾਏ ਵੱਡੇ ਇਲਜ਼ਾਮ

Prisoner Karamjit Singh

 

ਮਾਨਸਾ (ਪਰਮਦੀਪ ਸਿੰਘ/ਲਖਵੀਰ ਸਿੰਘ) - ਮਾਨਸਾ ਜ਼ਿਲ੍ਹੇ ਦੀ ਅਦਾਲਤ ਉਸ ਸਮੇਂ ਸਵਾਲਾਂ ਦੇ ਘੇਰੇ ’ਚ ਆ ਗਈ, ਜਦੋਂ ਬਰਨਾਲਾ ਜੇਲ੍ਹ ਤੋਂ ਪੇਸ਼ੀ ਭੁਗਤਨ ਆਏ ਇਕ ਕੈਦੀ ਵਲੋਂ ਜੇਲ੍ਹ ਸੁਪਰਡੈਂਟ ’ਤੇ ਵੱਡੇ ਦੋਸ਼ ਲਾਏ ਗਏ। ਕੈਦੀ ਨੇ ਕਿਹਾ ਕਿ ਜੇਲ੍ਹ ਸੁਪਰਡੈਂਟ ਵਲੋਂ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕੱਪੜੇ ਉਤਾਰ ਕੇ ਉਸ ਦੀ ਪਿੱਠ ’ਤੇ ਗਰਮ ਸਰੀਏ ਨਾਲ ਅੱਤਵਾਦੀ ਲਿਖ ਦਿੱਤਾ। ਕੈਦੀ ਦੀ ਪਛਾਣ ਕਰਮਜੀਤ ਸਿੰਘ (29) ਵਜੋਂ ਹੋਈ ਹੈ ਜੋ ਕਿ ਪਟਿਆਲਾ ਦਾ ਰਹਿਣ ਵਾਲਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਦੀ ਕਰਮਜੀਤ ਸਿੰਘ ਨੇ  ਦੱਸਿਆ ਕਿ ਉਹ ਅੱਜ ਮਾਨਸਾ ਜ਼ਿਲ੍ਹੇ ਦੀ ਅਦਾਲਤ ’ਚ ਪੇਸ਼ੀ ਭੁਗਤਨ ਆਇਆ ਸੀ। ਉਸ ਨੇ ਜੱਜ ਦੇ ਸਾਹਮਣੇ ਆਪਣੇ ’ਤੇ ਹੋਏ ਅੱਤਿਆਚਾਰ ਦੀ ਕਹਾਣੀ ਦੱਸਦੇ ਹੋਏ ਕਿਹਾ ਕਿ ਬਰਨਾਲਾ ਜੇਲ੍ਹ ਦੇ ਸੁਪਰਡੈਂਟ ਅਤੇ ਹੋਰ ਗਾਰਡਾਂ ਨੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਫਿਰ ਉਨ੍ਹਾਂ ਨੇ ਗਰਮ ਸਰੀਏ ਨਾਲ ਉਸ ਦੀ ਪਿੱਠ ’ਤੇ ਅੱਤਵਾਦੀ ਸਿੱਖ ਦਿੱਤਾ।

 

ਉਸ ਨੇ ਕਿਹਾ ਕਿ ਉਸ ਦਾ ਕਸੂਰ ਇਹ ਸੀ ਕਿ ਉਸ ਨੇ ਜੇਲ੍ਹ ’ਚ ਹੋ ਰਹੇ ਅੱਤਿਆਰ ਦੇ ਬਾਰੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ ਸਨ ਅਤੇ ਹੁਣ ਵੀ ਮੈਂ ਚਿੱਠੀ ਲਿਖ ਕੇ ਲੈ ਕੇ ਆਇਆ ਹਾਂ। ਇਸ ਨੂੰ  ਮੁੱਖ ਮੰਤਰੀ , ਉਪ ਮੁੱਖ ਮੰਤਰੀ ਤੱਕ ਪਹੁੰਚਾਇਆ ਜਾਵੇ ਤੇ ਉਹਨਾਂ ਨੂੰ ਦੱਸਿਆ ਜਾਵੇ ਸੁਪਰਡੈਂਟ ਜੇਲ੍ਹ ਵਿਚ ਕੀ ਕਰਦਾ ਹੈ। ਸੁਪਰਡੈਂਟ ਇਕ ਰਾਇਟਰ ਫੌਜੀ ਹੈ। ਉਸਦਾ ਦਿਮਾਗ ਫੌਜੀਆਂ ਵਾਲਾ ਹੈ।

 

 

ਉਹ ਆਪਣੇ ਹੀ ਕਾਨੂੰਨ ਬਣਾ ਰਿਹਾ।  ਜੋ ਸੰਵਿਧਾਨ ਵਿਚ ਲਿਖਿਆ ਉਸਨੂੰ ਛੱਡ ਕੇ ਆਪਣੇ ਕਾਨੂੰਨ ਚਲਾ ਰਿਹਾ ਹੈ। ਕਮਰਜੀਤ ਸਿੰਘ ਨੇ ਕਿਹਾ ਕਿ ਸੁਪਰਡੈਂਟ ਕੈਦੀਆਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ।

 ਪੇਸ਼ੀ ਭੁਗਤਣ ਆਏ ਕੈਦੀ ਕਰਮਜੀਤ ਸਿੰਘ ਨੇ ਆਪਣੀ ਸਾਰੀ ਗੱਲ ਜੱਜ ਅਤੇ ਪੱਤਰਕਾਰਾਂ ਸਾਹਮਣੇ ਰੱਖੀ ਤੇ ਜੱਜ ਨੇ ਕੈਦੀ ਦੀ ਅਰਜ਼ੀ ਬਰਨਾਲਾ ਜੁਡੀਸ਼ੀਅਲ ਮੈਜਿਸਟ੍ਰੇਸ਼ਨ ਨੂੰ ਜਾਂਚ ਲਈ ਭੇਜ ਦਿੱਤੀ ਹੈ। ਦੂਜੇ ਪਾਸੇ ਜੇਲ੍ਹ ਸੁਪਰਡੈਂਟ ਨੇ ਆਪਣਾ ਪੱਖ ਪੂਰਦਿਆਂ ਕਿਹਾ ਕਿ ਕੈਦੀ ਕਰਮਜੀਤ ਸਿੰਘ ਉਤੇ 12 ਮਾਮਲਿਆਂ ਦੇ ਕ੍ਰਿਮੀਨਲ ਪਰਚੇ ਦਰਜ ਹਨ। ਇਸ ਦੇ ਬਾਵਜੂਦ ਦੋਸ਼ੀ ਜੇਲ੍ਹ ਵਿਚ ਨਸ਼ੇ, ਮੋਬਾਈਲ ਨਾਲ ਕਈ ਵਾਰ ਫੜਿਆ ਗਿਆ ਹੈ।

 

ਜੇਲ੍ਹ ਵਿਚ ਉਹ ਇਕ ਗੈਂਗ ਬਣਾ ਕੇ ਰੱਖਦੇ ਹਨ ਅਤੇ ਭੋਲੇ ਭਾਲੇ ਕੈਦੀਆਂ ਤੋਂ ਆਪਣਾ ਕੰਮ ਕਰਵਾਉਂਦੇ ਹਨ। ਉਨ੍ਹਾਂ ਬਰਨਾਲਾ ਜੇਲ੍ਹ ਵਿਚ ਇਨ੍ਹਾਂ ਦੋਸ਼ੀਆਂ ਉਤੇ ਸਖਤੀ ਕੀਤੀ ਹੋਈ ਸੀ, ਜਿਸ ਕਾਰਨ ਕਰਮਜੀਤ ਸਿੰਘ ਨੇ ਝੂਠੀ ਕਹਾਣੀ ਬਣਾ ਕੇ ਜੇਲ੍ਹ ਅਧਿਕਾਰੀਆਂ ਉਤੇ ਗਲਤ ਇਲਜ਼ਾਮ ਲਗਾਏ ਹਨ।