ਗਾਜ਼ੀਪੁਰ ’ਚ ਬੇਕਾਬੂ ਟਰੱਕ ਚਾਹ ਦੀ ਦੁਕਾਨ ’ਚ ਵੜਿਆ, 7 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਗਾਜ਼ੀਪੁਰ ’ਚ ਬੇਕਾਬੂ ਟਰੱਕ ਚਾਹ ਦੀ ਦੁਕਾਨ ’ਚ ਵੜਿਆ, 7 ਲੋਕਾਂ ਦੀ ਮੌਤ

IMAGE

ਗਾਜੀਪੁਰ, 2 ਨਵੰਬਰ : ਉਤਰ ਪ੍ਰਦੇਸ਼ ’ਚ ਗਾਜੀਪੁਰ ਦੇ ਮੁਹੰਮਦਾਬਾਦ ਕੋਤਵਾਲੀ ਖੇਤਰ ’ਚ ਮੰਗਲਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਮੁਤਾਬਕ ਇਹ ਹਾਦਸਾ ਮੁਹੰਮਦਾਬਾਦ ਕੋਤਵਾਲੀ ਦੀ ਅਹੀਰੌਲੀ ਚੱਟੀ ’ਚ ਸਵੇਰੇ ਕਰੀਬ 7 ਵਜੇ ਹਾਈਵੇਅ ’ਤੇ ਹੋਇਆ। ਹਾਦਸੇ ਤੋਂ ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਲਾਸ਼ ਰੱਖ ਕੇ ਰਾਹ ਜਾਮ ਕਰ ਦਿਤਾ। ਪੁਲਿਸ ਮੁਤਾਬਕ ਬਲੀਆ ਵਲੋਂ ਇਕ ਤੇਜ਼ ਰਫ਼ਤਾਰ ਟਰੱਕ ਮੁਹੰਮਦਾਬਾਦ ਵਲ ਆ ਰਿਹਾ ਸੀ। ਇਸ ਦਰਮਿਆਨ ਇਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ’ਚ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਸੜਕ ਦੇ ਖੱਬੇ ਪਾਸੇ ਚਾਹ ਦੀ ਇਕ ਦੁਕਾਨ ਦੇ ਸਾਹਮਣੇ ਬੈਠੇ ਲੋਕਾਂ ਨੂੰ ਦਰੜਦੇ ਹੋਏ ਇਕ ਝੋਪੜੀ ’ਚ ਦਾਖ਼ਲ ਹੋ ਗਿਆ। ਚਾਹ ਦੀ ਦੁਕਾਨ ਸਥਾਨਕ ਵਾਸੀ ਤਿ੍ਰਲੋਕੀ ਵਿਸ਼ਕਰਮਾ ਦੀ ਦੱਸੀ ਗਈ ਹੈ।
  ਇਸ ਹਾਦਸੇ ਵਿਚ 4 ਲੋਕਾਂ ਉਮਾਸ਼ੰਕਰ ਯਾਦਵ ਪੁੱਤਰ ਚੰਦਰਦੇਵ ਯਾਦਵ ਵਾਸੀ ਜੀਵਨਦਾਸਪੁਰ ਉਰਫ਼ ਬਸਾਊ ਦਾ ਪੁਰਾ ਥਾਣਾ ਮੁਹੰਮਦਾਬਾਦ, ਵਰਿੰਦਰ ਰਾਮ ਪੁੱਤਰ ਰਾਮਬਚਨ, ਸੱਤਿਯ ਠਾਕੁਰ ਪੁੱਤਰ ਹੀਰਾ ਠਾਕੁਰ, ਗੋਲੂ ਯਾਦਵ ਪੁੱਤਰ ਦਰੋਗਾ ਯਾਦਵ ਵਾਸੀ ਅਹੀਰੌਲੀ ਥਾਣਾ ਮੁਹੰਮਦਾਬਾਦ ਦੀ ਘਟਨਾ ਵਾਲੀ ਥਾਂ ’ਤੇ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ ਸ਼ਿਆਮਬਿਹਾਰੀ ਕੁਸ਼ਵਾਹਾ ਅਤੇ ਚੰਦਰਮੋਹਨ ਰਾਏ ਗੰਭੀਰ ਰੂਪ ਨਾਲ ਜਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। 
  ਇਸ ਵਿਚਾਲੇ, ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਮੁੱਖ ਮੰਰਤੀ ਯੋਗੀ ਆਦਿਤਆਨਾਥ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦੇ ਹੋਏ ਮਾਰੇ ਗਈੇ ਵਿਅਕਤੀਆਂ ਦੇ ਪ੍ਰਵਾਰਾਂ ਨੂੰ 2-2 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ।                           (ਏਜੰਸੀ)