ਜੇ ਗ਼ੁਲਾਮ ਹਨ ਤਾਂ ਇਸ ਦੇਸ਼ ਦਾ ਖਾਣਾ ਕਿਉਂ, ਪੀਣਾ ਕਿਉਂ ਤੇ ਪਹਿਨਣਾ ਕਿਉਂ - ਰਵਨੀਤ ਬਿੱਟੂ 

ਏਜੰਸੀ

ਖ਼ਬਰਾਂ, ਪੰਜਾਬ

ਅੰਮ੍ਰਿਤਪਾਲ ਸਿੰਘ 'ਤੇ ਬਿੱਟੂ ਨੇ ਸੇਧੇ ਨਿਸ਼ਾਨੇ 

Ravneet Bittu

 

ਚੰਡੀਗੜ੍ਹ -  ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨੂੰ ਕੀਤੇ ਤਾਜ਼ਾ ਸੰਬੋਧਨ ਦੌਰਾਨ ਅੰਮ੍ਰਿਤਪਾਲ ਸਿੰਘ ਬਾਰੇ ਆਪਣਾ ਪੱਖ ਰੱਖਿਆ। ਬਿੱਟੂ ਨੇ ਕਿਹਾ ਕਿ ਪੰਜਾਬ ਦੇ ਵਿਰੁੱਧ ਗੱਲਾਂ ਕਰਨ ਵਾਲਿਆਂ ਵਿਰੁੱਧ ਉਨ੍ਹਾਂ ਸਦਾ ਆਵਾਜ਼ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦੇ ਹਾਲਾਤ ਖ਼ਰਾਬ ਹੋਏ, ਉਦੋਂ ਪੰਜਾਬੀਆਂ ਦੀਆਂ ਹੀ ਪੱਗਾਂ ਰੁਲ਼ੀਆਂ, ਪੰਜਾਬੀਆਂ ਨੂੰ ਹੀ ਆਪਸ 'ਚ ਲੜਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤੋੜਨ ਵਾਲਿਆਂ ਦੇ ਪਿਛੋਕੜ, ਕਿੱਥੋਂ ਤੇ ਕਿਉਂ ਆਏ ਨੇ, ਕੌਣ ਉਨ੍ਹਾਂ ਨੂੰ ਫ਼ੰਡਿੰਗ ਕਰ ਰਿਹਾ, ਇਹਨਾਂ ਗੱਲਾਂ 'ਤੇ ਮੈਂ ਨਜ਼ਰ ਰੱਖਦਾ ਹਾਂ। ਉਹਨਾਂ ਕਿਹਾ ਕਿ ਇਹ ਜ਼ਰੂਰੀ ਹੈ ਕਿਉਂ ਕਿ ਸਰਹੱਦੀ ਸੂਬਾ ਪੰਜਾਬ ਦੇਸ਼ ਦੀ ਸੁਰੱਖਿਆ ਕਰਦਾ ਹੈ। 

ਅੰਮ੍ਰਿਤਪਾਲ ਸਿੰਘ ਬਾਰੇ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ ਇਹ ਦਿਖਾਉਂਦੇ ਹਨ ਕਿ ਇਹ ਇਸ ਦੇਸ਼ 'ਚ ਗ਼ੁਲਾਮ ਹਨ, ਪਰ ਇਸ ਦਾ ਫ਼ੈਸਲਾ ਲੋਕਾਂ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਦੁਬਈ 'ਚ ਆਪਣਾ ਕੰਮ-ਕਾਰ ਸੈੱਟ ਕਰਕੇ ਇੱਥੇ ਆ ਗਿਆ। ਬਿੱਟੂ ਨੇ ਕਿਹਾ ਕਿ 90-95 'ਚ ਜਨਮ ਲੈਣ ਵਾਲਾ ਅੰਮ੍ਰਿਤਪਾਲ ਸਿੰਘ ਪੰਜਾਬ ਬਾਰੇ ਕਿੰਨਾ ਕੁ ਜਾਣਦਾ ਹੈ। ਉਹਨਾਂ ਕਿਹਾ ਕਿ ਇਹੀ ਲੋਕ ਪਹਿਲਾਂ ਕਿਸਾਨ ਯੂਨੀਅਨਾਂ 'ਚ ਵੀ ਵੜਨ ਲੱਗੇ ਸੀ

 ਤੇ ਉਦੋਂ ਵੀ ਇਹਨਾਂ ਨੂੰ ਕੱਢਿਆ ਗਿਆ ਤੇ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਇਹਨਾਂ ਦੀਆਂ ਸ਼ਰਾਰਤਾਂ ਕਾਰਨ ਕਿਸਾਨਾਂ 'ਤੇ ਕਿੰਨੇ ਹੀ ਪਰਚੇ ਹੋਏ। 'ਬਲਾ' ਸ਼ਬਦ ਦਾ ਪ੍ਰਯੋਗ ਕਰਦੇ ਹੋਏ ਬਿੱਟੂ ਨੇ ਕਿਹਾ ਕਿ ਪੰਜਾਬ ਨੂੰ ਪਤਾ ਨਹੀਂ ਇਹੋ ਜਿਹੀਆਂ ਚੀਜ਼ਾਂ ਕਿਉਂ ਚਿੰਬੜਦੀਆਂ ਰਹਿੰਦੀਆਂ ਹਨ। ਉਹਨਾਂ ਕਿਹਾ ਕਿ ਲੋਕ ਅੰਮ੍ਰਿਤਪਾਲ ਸਿੰਘ ਨੂੰ ਪੁੱਛਣ ਕਿ ਜੇਕਰ ਇਹ ਕਹਿੰਦੇ ਹਨ ਕਿ ਅਸੀਂ ਗ਼ੁਲਾਮ ਹਾਂ ਤਾਂ ਫ਼ਿਰ ਇਨ੍ਹਾਂ ਨੇ ਇਸ ਦੇਸ਼ ਦਾ ਖਾਣਾ ਕਿਉਂ, ਪੀਣਾ ਕਿਉਂ ਤੇ ਪਹਿਨਣਾ ਕਿਉਂ। 

ਬਿੱਟੂ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਪਾਰਟੀਆਂ ਜਾਂ ਲੀਡਰ ਮਾੜੇ ਹੋ ਸਕਦੇ ਹਨ, ਪਰ ਦੇਸ਼ ਤੇ ਪੰਜਾਬ ਕਿਵੇਂ ਮਾੜੇ ਹੋ ਸਕਦੇ ਹਨ। ਉਹਨਾਂ ਕਿਹਾ ਕਿ ਦੇਸ਼-ਦੁਨੀਆ 'ਚ ਵਸਦੇ ਪੰਜਾਬੀ ਆਪਣੇ ਕਾਰੋਬਾਰ, ਵਪਾਰ ਚਲਾ ਕੇ ਰਾਜ ਕਰ ਰਹੇ ਹਨ, ਅਤੇ ਇਹ ਕਹਿੰਦੇ ਹਨ ਕਿ ਅਸੀਂ ਗ਼ੁਲਾਮ ਹਾਂ।