ਸ਼ਾਤਿਰ ਨਰਸ ਕਰਦੀ ਸੀ ਗੁੱਝੀਆਂ ਚਾਲਬਾਜ਼ੀਆਂ, ਜਾਣ ਕੇ ਉੱਡ ਜਾਣਗੇ ਹੋਸ਼  

ਏਜੰਸੀ

ਖ਼ਬਰਾਂ, ਪੰਜਾਬ

ਹੁਸਨ ਦਾ ਜਾਦੂ ਫ਼ੈਲਾ ਕੇ ਨਰਸ ਕਰਦੀ ਸੀ ਕਾਰੇ,  ਮੂੰਹ ਬੋਲਿਆ ਭਰਾ ਬਣਦਾ ਸੀ ਪੁਲਿਸ ਵਾਲਾ 

The evil nurse used to do intricate tricks, knowing that the senses will fly away

 

ਲੁਧਿਆਣਾ - ਲੁਧਿਆਣਾ ਦੇ ਇੱਕ ਨਾਮੀ ਨਿੱਜੀ ਹਸਤਪਾਲ ਦੀ ਨਰਸ ਮਰੀਜ਼ਾਂ ਦੇ ਪਰਿਵਾਰਾਂ ਦੇ ਮੁੰਡਿਆਂ ਨੂੰ ਆਪਣੇ ਹੁਸਨ ਦੇ ਜਾਲ਼ ’ਚ ਫ਼ਸਾ ਕੇ ਪਹਿਲਾਂ ਪਿਆਰ ਦਾ ਦਿਖਾਵਾ ਕਰਦੀ ਸੀ ਤੇ ਅਤੇ ਬਾਅਦ ’ਚ ਧਮਕੀਆਂ ਦੇ ਕੇ ਪੈਸੇ ਲੁੱਟਦੀ ਸੀ। ਬਲੈਕਮੇਲਰ ਨਰਸ ਨੂੰ ਪੁਲਿਸ ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਭਵਿੱਖ ’ਚ ਅਜਿਹੀ ਗ਼ਲਤੀ ਦੁਬਾਰਾ ਨਾ ਕਰਨ ਬਾਰੇ ਕਹਿ ਕੇ ਲਿਖਤੀ ਰੂਪ ’ਚ ਮੁਆਫ਼ੀ ਮੰਗ ਕੇ ਜਾਨ ਛੁਡਵਾਈ। 

ਫ਼ਿਲੌਰ ਨੇੜਲੇ ਇੱਕ ਪਿੰਡ ਦੇ ਰਹਿਣ ਵਾਲੇ ਲੜਕੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬੀਤੇ ਮਹੀਨੇ ਉਸ ਦੇ ਪਿਤਾ ਦਾ ਐਕਸੀਡੈਂਟ ਹੋ ਗਿਆ ਤਾਂ ਉਹ ਉਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਇਕ ਨਾਮੀ ਨਿੱਜੀ ਨਰਸਿੰਗ ਹੋਮ ’ਚ ਲੈ ਗਿਆ, ਜਿੱਥੇ ਉਸ ਦੇ ਪਿਤਾ ਦਾ ਇਲਾਜ ਕਰਨ ਵਾਲੀ ਨਰਸ ਉਨ੍ਹਾਂ ਨਾਲ ਬਿਨਾਂ ਕਾਰਨ ਜਾਣ-ਪਛਾਣ ਵਧਾਉਣ ਲੱਗ ਪਈ।

ਜਦੋਂ ਲੜਕੇ ਦੇ ਪਿਤਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਤਾਂ ਵਾਪਸ ਆਉਂਦੇ ਸਮੇਂ ਨਰਸ ਨੇ ਲੜਕੇ ਤੋਂ ਮੋਬਾਇਲ ਨੰਬਰ ਲੈ ਲਿਆ ਅਤੇ ਬਾਅਦ ’ਚ ਫ਼ੋਨ ਕਰ ਕੇ ਉਨ੍ਹਾਂ ਨੂੰ ਮਿਲਣ-ਜੁਲਣ ਲੱਗ ਪਈ। 4-5 ਮੁਲਾਕਾਤਾਂ ਤੋਂ ਬਾਅਦ ਨਰਸ ਨੇ ਉਸ ਤੋਂ ਘਰੇਲੂ ਮਜਬੂਰੀ ਦੱਸ ਕੇ ਰੁਪਏ ਠੱਗ ਲਏ। ਹੁਣ ਉਸ ਨੂੰ ਇਹ ਕਹਿ ਕੇ ਰੁਪਏ ਠੱਗਣ ਲੱਗ ਪਈ ਕਿ ਉਸ ਦੇ ਪਰਿਵਾਰ ਨੂੰ ਉਸ ਦੇ ਪ੍ਰੇਮ ਪ੍ਰਸੰਗ ਦਾ ਪਤਾ ਲੱਗ ਗਿਆ ਹੈ ਅਤੇ ਉਸ ਦੇ ਪਿਤਾ ਨੇ ਉਸ ਲੜਕੇ ਵਿਰੁੱਧ ਪੁਲਿਸ ਥਾਣੇ ’ਚ ਸ਼ਿਕਾਇਤ ਦਿੱਤੀ ਹੈ।

ਪੀੜਤ ਨੌਜਵਾਨ ਨੇ ਦੱਸਿਆ ਕਿ ਉਕਤ ਨਰਸ ਐਨੀ ਚਲਾਕ ਸੀ ਕਿ ਉਸ ਦਾ ਇੱਕ ਸਾਥੀ ਉਸ ਨੂੰ ਪੁਲਿਸ ਮੁਲਾਜ਼ਮ ਬਣ ਕੇ ਫ਼ੋਨ ਕਰ ਕੇ ਉਸ ਨੂੰ ਡਰਾਉਣ ਧਮਕਾਉਣ ਲੱਗਿਆ ਕਿ ਉਨ੍ਹਾਂ ਕੋਲ ਲੜਕੀ ਦੀ ਜ਼ਿੰਦਗੀ ਬਰਬਾਦ ਕਰਨ ਦੀ ਸ਼ਿਕਾਇਤ ਆਈ ਹੈ। ਲੜਕੇ ਨੇ ਫ਼ੋਨ ਬੰਦ ਕਰਨ ਤੋਂ ਬਾਅਦ ਵੱਟਸਐਪ ਡੀ.ਪੀ. ਚੈੱਕ ਕੀਤੀ ਤਾਂ ਉੱਥੇ ਪੁਲਿਸ ਮੁਲਾਜ਼ਮ ਦੀ ਫ਼ੋਟੋ ਲੱਗੀ ਹੋਈ ਸੀ, ਜਿਸ ਨਾਲ ਉਹ ਹੋਰ ਡਰ ਗਿਆ।

ਅੱਜ ਜਿਵੇਂ ਹੀ ਨਰਸ ਲੜਕੇ ਤੋਂ ਰੁਪਏ ਲੈਣ ਫ਼ਿਲੌਰ ਆਈ ਤਾਂ ਪੁਲਿਸ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਆਪਣੀ ਗ੍ਰਿਫਤਾਰੀ ਤੋਂ ਬਾਅਦ ਉਹ ਫ਼ੁੱਟ-ਫ਼ੁੱਟ ਕੇ ਰੋਣ ਲੱਗ ਪਈ ਅਤੇ ਲੜਕੇ ਅੱਗੇ ਹੱਥ ਜੋੜ ਕੇ ਮੁਆਫ਼ੀ ਮੰਗਣ ਲੱਗ ਪਈ। ਜਦੋਂ ਪੁਲਿਸ ਨੇ ਉਸ ਤੋਂ ਪੁੱਛਿਆ ਕਿ ਉਸ ਨੇ ਕਿਸ ਪੁਲਿਸ ਚੌਕੀ ’ਚ ਸ਼ਿਕਾਇਤ ਦਰਜ ਕਰਵਾਈ ਸੀ, ਜਿੱਥੋਂ ਉਸ ਲੜਕੇ ਨੂੰ ਫ਼ੋਨ ਆਉਂਦਾ ਸੀ ਤਾਂ ਉਸ ਨੇ ਦੱਸਿਆ ਕਿ ਇਹ ਸਭ ਉਸ ਦਾ ਰਚਿਆ ਹੋਇਆ ਡਰਾਮਾ ਸੀ। ਉਸ ਦਾ ਇੱਕ ਮੂੰਹ ਬੋਲਿਆ ਭਰਾ ਚੌਕੀ ਇੰਚਾਰਜ ਬਣ ਕੇ ਫ਼ੋਨ ਕਰਦਾ ਸੀ। 

ਲੜਕੀ ਨੇ ਦੁਹਾਈ ਦਿੱਤੀ ਕਿ ਉਹ ਅਜੇ ਕੁਆਰੀ ਹੈ। ਉਸ ਦੇ ਕਰੀਅਰ ਨੂੰ ਦੇਖਦੇ ਹੋਏ ਉਸ ਨੂੰ ਇੱਕ ਵਾਰ ਮੁਆਫ਼ ਕਰ ਦਿੱਤਾ ਜਾਵੇ। ਉਹ ਭਵਿੱਖ ’ਚ ਕਦੇ ਵੀ ਮੁੜ ਅਜਿਹੀ ਗ਼ਲਤੀ ਨਹੀਂ ਕਰੇਗੀ। ਪੁਲਿਸ ਨੇ ਉਸ ਦੇ ਮੂੰਹ ਬੋਲੇ ਭਰਾ ਨੂੰ ਵੀ ਉੱਥੇ ਬੁਲਾ ਕੇ ਦੋਵਾਂ ਤੋਂ ਲਿਖਤੀ ਰੂਪ ’ਚ ਮੁੜ ਅਜਿਹੀ ਗ਼ਲਤੀ ਨਾ ਕਰਨ ਬਾਰੇ ਲਿਖਤੀ ਇਕਰਾਰਨਾਮਾ ਲੈ ਕੇ ਘਰ ਭੇਜ ਦਿੱਤਾ।