Punjab Vigilance News: ਕੈਮਿਸਟ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦੇ ਐਸ.ਐਮ.ਓ. ਤੇ ਬੀ.ਏ.ਐਮ.ਐਸ. ਡਾਕਟਰ ਕਾਬੂ
ਸਾਹਨੇਵਾਲ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਤਾਇਨਾਤ ਹੈ ਡਾ. ਪੂਨਮ ਗੋਇਲ, ਅਤੇ ਡਾ. ਗੌਰਵ ਜੈਨ
Punjab Vigilance News: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁਧ ਚੱਲ ਰਹੀ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸਾਹਨੇਵਾਲ ਦੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਵਿਚ ਤਾਇਨਾਤ ਡਾ: ਪੂਨਮ ਗੋਇਲ, ਐਸ.ਐਮ.ਓ. ਅਤੇ ਡਾ: ਗੌਰਵ ਜੈਨ, ਬੀ.ਏ.ਐਮ.ਐਸ. ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਉਪਰੋਕਤ ਦੋਵੇਂ ਡਾਕਟਰਾਂ ਨੂੰ ਕੁਲਵਿੰਦਰ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ, ਸਾਹਨੇਵਾਲ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਦਫਤਰ ਲੁਧਿਆਣਾ ਵਿਖੇ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਅਤੇ ਦੋਸ਼ ਲਾਇਆ ਕਿ ਉਕਤ ਦੋਵੇਂ ਡਾਕਟਰ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਹੇ ਹਨ ਕਿਉਂਕਿ ਉਹ ਸਾਹਨੇਵਾਲ ਵਿਖੇ ਡੱਬ ਮੈਡੀਕਲ ਸਟੋਰ ਨਾਮਕ ਕੈਮਿਸਟ ਦੀ ਦੁਕਾਨ ਚਲਾ ਰਿਹਾ ਹੈ। ਉਸ ਨੇ ਅੱਗੇ ਦਸਿਆ ਕਿ ਡਾ: ਗੌਰਵ ਜੈਨ 2 ਹੋਰਾਂ ਨਾਲ 26.10.2023 ਨੂੰ ਉਸ ਦੀ ਕੈਮਿਸਟ ਦੀ ਦੁਕਾਨ 'ਤੇ ਚੈਕਿੰਗ ਲਈ ਆਇਆ ਅਤੇ ਉਥੇ ਮੌਜੂਦ ਉਸ ਦੇ ਭਰਾ ਨੂੰ ਆਖਿਆ ਕਿ ਕੁਲਵਿੰਦਰ ਸਿੰਘ (ਸ਼ਿਕਾਇਤਕਰਤਾ) ਵਿਰੁਧ ਬਿਨਾਂ ਲਾਇਸੈਂਸ ਤੋਂ ਦਵਾਈਆਂ ਵੇਚਣ ਅਤੇ ਗੈਰ-ਕਾਨੂੰਨੀ ਪੈਥੋਲੋਜੀਕਲ ਲੈਬਾਰਟਰੀ ਚਲਾਉਣ ਦੀ ਸ਼ਿਕਾਇਤ ਹੈ। ਉਸ ਦੀ ਦੁਕਾਨ ਤੋਂ ਜਾਣ ਤੋਂ ਪਹਿਲਾਂ ਡਾਕਟਰ ਗੌਰਵ ਜੈਨ ਨੇ ਉਸ ਦੇ ਭਰਾ ਨੂੰ ਐਸ.ਐਮ.ਓ. ਡਾ: ਪੂਨਮ ਗੋਇਲ ਨੂੰ ਮਿਲਣ ਲਈ ਕਿਹਾ।
ਸ਼ਿਕਾਇਤਕਰਤਾ ਨੇ ਅੱਗੇ ਦਸਿਆ ਕਿ ਜਦੋਂ ਉਹ ਐਸ.ਐਮ.ਓ. ਪੂਨਮ ਗੋਇਲ ਨੂੰ ਮਿਲਿਆ ਤਾਂ ਉਸਨੇ ਉਸਦੀ ਮੈਡੀਕਲ ਦੁਕਾਨ ਨੂੰ ਸੀਲ ਕਰਨ ਅਤੇ ਉਸਦੇ ਖਿਲਾਫ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ। ਉਸਦੀ ਬੇਨਤੀ 'ਤੇ, ਉਸਨੇ ਉਸਨੂੰ ਮਾਮਲਾ ਸੁਲਝਾਉਣ ਲਈ ਡਾਕਟਰ ਗੌਰਵ ਜੈਨ ਨੂੰ ਮਿਲਣ ਲਈ ਕਿਹਾ। ਇਸ ਤੋਂ ਬਾਅਦ ਡਾਕਟਰ ਗੌਰਵ ਜੈਨ ਨੇ ਸ਼ਿਕਾਇਤਕਰਤਾ ਨੂੰ ਦਸਿਆ ਕਿ ਐਸ.ਐਮ.ਓ. ਮੈਡਮ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਰਹੀ ਹੈ ਪਰ ਮਿੰਨਤਾਂ ਕਰਨ ਤੇ ਸੌਦਾ 20 ਹਜ਼ਾਰ ਰੁਪਏ ਵਿਚ ਹੋ ਗਿਆ। ਸ਼ਿਕਾਇਤਕਰਤਾ ਨੇ ਦਸਿਆ ਕਿ ਡਾਕਟਰ ਗੌਰਵ ਜੈਨ ਨੇ ਉਸੇ ਦਿਨ ਹੀ ਉਸ ਕੋਲ਼ੋਂ 5 ਹਜ਼ਾਰ ਰੁਪਏ ਲੈ ਲਏ ਸਨ ਅਤੇ ਹੁਣ ਬਾਕੀ ਰਕਮ ਦੇਣ ਦੀ ਮੰਗ ਕਰ ਰਿਹਾ ਹੈ। ਡਾ: ਗੋਰਵ ਜੈਨ ਨਾਲ ਫ਼ੋਨ ਕਾਲਾਂ ਦੌਰਾਨ ਸ਼ਿਕਾਇਤਕਰਤਾ ਨੇ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਜੋ ਉਸਨੇ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪੀ ਹੈ।
ਬੁਲਾਰੇ ਨੇ ਅੱਗੇ ਦਸਿਆ ਕਿ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਵਿਚ ਦੋਸ਼ੀ ਡਾਕਟਰ ਗੌਰਵ ਜੈਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਡਾਕਟਰ ਪੂਨਮ ਗੋਇਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ 28 ਮਿਤੀ 03.11.2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਐਫ.ਆਈ.ਆਰ. ਨੰਬਰ 28 ਦਰਜ ਕਰ ਲਈ ਹੈ। ਦੋਵਾਂ ਮੁਲਜ਼ਮਾਂ ਨੂੰ ਭਲਕੇ ਲੁਧਿਆਣਾ ਦੀ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
(For more news apart from SMO and BAMS doctor caught taking bribe of Rs 15,000 from chemist, stay tuned to Rozana Spokesman)