ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਪੰਜਵੀਂ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਡਵੋਕੇਟ ਧਾਮੀ ਨੂੰ 117 ਅਤੇ ਕਾਹਨੇਕੇ ਨੂੰ ਮਿਲੀਆਂ 18 ਵੋਟਾਂ, 1 ਵੋਟ ਹੋਈ ਰੱਦ

Advocate Harjinder Singh Dhami becomes SGPC President for the fifth consecutive time

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਸਾਲਾਨਾ ਚੋਣ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਜਨਰਲ ਇਜਲਾਸ ਦੌਰਾਨ ਹੋਈ ਚੋਣ ਮੌਕੇ ਕੁੱਲ ਪਈਆਂ 136 ਵੋਟਾਂ ਵਿੱਚੋਂ 117 ਵੋਟਾਂ ਪ੍ਰਾਪਤ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਮੁਕਾਬਲੇ ਪ੍ਰਧਾਨਗੀ ਦੀ ਚੋਣ ਲੜਨ ਲਈ ਖੜੇ ਸ. ਮਿੱਠੂ ਸਿੰਘ ਕਾਹਨੇਕੇ ਨੂੰ 18 ਵੋਟਾਂ ਪਈਆਂ, ਜਦਕਿ 1 ਵੋਟਾਂ ਰੱਦ ਹੋਈ। ਇਜਲਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮੌਜੂਦ ਰਹੇ।

ਜਨਰਲ ਇਜਲਾਸ ਦੌਰਾਨ ਸ. ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਸ. ਬਲਦੇਵ ਸਿੰਘ ਕਲਿਆਣ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਸ. ਸ਼ੇਰ ਸਿੰਘ ਮੰਡਵਾਲਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਚੁਣੀ ਗਈ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿਚ ਸ. ਸੁਰਜੀਤ ਸਿੰਘ ਗੜ੍ਹੀ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਸੁਰਜੀਤ ਸਿੰਘ ਕੰਗ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਦਲਜੀਤ ਸਿੰਘ ਭਿੰਡਰ, ਬੀਬੀ ਹਰਜਿੰਦਰ ਕੌਰ, ਸ. ਬਲਦੇਵ ਸਿੰਘ ਕਾਇਮਪੁਰ, ਸ. ਮੇਜਰ ਸਿੰਘ ਢਿੱਲੋਂ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਡਾ. ਜੰਗ ਬਹਾਦਰ ਸਿੰਘ ਰਾਏ ਤੇ ਸ. ਮਿੱਠੂ ਸਿੰਘ ਕਾਹਨੇਕੇ ਸ਼ਾਮਲ ਹਨ।

ਐਡਵੋਕੇਟ ਧਾਮੀ ਨੇ ਪ੍ਰਧਾਨ ਚੁਣੇ ਜਾਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਮ ਦੀ ਸੇਵਾ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਪ੍ਰਾਪਤ ਹੋਈ ਹੈ, ਜਿਸ ਨੂੰ ਉਹ ਗੁਰੂ ਸਾਹਿਬ ਦੀ ਭੈਅ ਭਾਵਨੀ ਅਨੁਸਾਰ ਨਿਭਾਉਣ ਦਾ ਯਤਨ ਕਰਨਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪਹਿਲੀ ਤਰਜੀਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਮਾਗਮਾਂ ਨੂੰ ਕੌਮੀ ਪੱਧਰ ’ਤੇ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਵੱਧ ਰਹੀ ਆਮਦ ਦੇ ਮੱਦੇਨਜ਼ਰ ਹੋਰ ਸਰਾਵਾਂ ਉਸਾਰਨ ਲਈ ਸ਼ੁਰੂ ਕੀਤੇ ਜਾ ਰਹੇ ਕਾਰਜਾਂ ਨੂੰ ਜਲਦ ਪੂਰਾ ਕਰਨ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਆਪਣੇ ’ਚ ਮੁੜ ਭਰੋਸਾ ਜਤਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮਰਪਣ ਭਾਵਨਾ ਨਾਲ ਪੰਥਕ ਕਾਰਜਾਂ ਲਈ ਯਤਨਸ਼ੀਲ ਰਹਿਣਗੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਵਿੱਖ ਦੀਆਂ ਤਰਜ਼ੀਹਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਧਰਮ ਪ੍ਰਚਾਰ ਖੇਤਰ ਦੇ ਨਾਲ-ਨਾਲ ਮਾਨਵ ਭਲਾਈ ਦੇ ਕਾਰਜਾਂ ਲਈ ਵੀ ਵਿਸ਼ੇਸ਼ ਤਵਜੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਕਾਬਲਾ ਪ੍ਰੀਖਿਆਵਾਂ ਲਈ ਚੱਲ ਰਹੇ ਕੇਂਦਰਾਂ ਦੇ ਨਿਯਮਾਂ ਵਿਚ ਸੋਧ ਕਰਦਿਆਂ ਇਸ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਮੌਜੂਦਾ ਸਮੇਂ ਕਿਉਂਕਿ ਪ੍ਰਸ਼ਾਸਨਿਕ ਸੇਵਾਵਾਂ ਵਿਚ ਸਿੱਖ ਨੌਜੁਆਨਾਂ ਦੀ ਸ਼ਮੂਲੀਅਤ ਕੌਮੀ ਹਿੱਤਾਂ ਲਈ ਜ਼ਰੂਰੀ ਹੈ, ਇਸ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਪ੍ਰਸ਼ਾਸਨਿਕ ਸੇਵਾਵਾਂ ਦੇ ਕੇਂਦਰਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਐਨਡੀਏ ਲਈ ਭਾਵੇਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੇ ਸਕੂਲਾਂ/ਕਾਲਜਾਂ ਵਿਚ ਮੁੱਢਲੇ ਤੌਰ ’ਤੇ ਤਿਆਰੀ ਕਰਵਾਈ ਜਾ ਰਹੀ ਹੈ, ਪਰ ਹੁਣ ਇਸ ਲਈ ਬਹਾਦਰਗੜ੍ਹ ਵਿਖੇ ਚਲਦੀ ਅਕੈਡਮੀ ਦਾ ਵੀ ਵਿਸਥਾਰ ਕਰਾਂਗੇ।

ਐਡਵੋਕੇਟ ਧਾਮੀ ਤੇ ਚੁਣੇ ਹੋਰ ਅਹੁਦੇਦਾਰਾਂ ਨੇ ਗੁਰੂ ਸਾਹਿਬ ਦਾ ਕੀਤਾ ਸ਼ੁਕਰਾਨਾ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਅਹੁਦੇਦਾਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ, ਜਿਥੇ ਉਨ੍ਹਾਂ ਨੂੰ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦਿੱਤੇ। ਐਡਵੋਕੇਟ ਧਾਮੀ ਸਮੇਤ ਅਹੁਦੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗਏ, ਜਿਥੇ ਉਨ੍ਹਾਂ ਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਜਥੇਦਾਰ ਗਿਆਨੀ ਟੇਕ ਸਿੰਘ ਵੱਲੋਂ ਸਤਿਕਾਰ ਕੀਤਾ ਗਿਆ। ਇਸ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਦਫ਼ਤਰ ਵਿਖੇ ਆਪਣਾ ਕਾਰਜਭਾਰ ਸੰਭਾਲਿਆ।

ਐਡਵੋਕੇਟ ਧਾਮੀ ਨੇ ਨਾਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੇਸ਼ ਕੀਤਾ

ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਸ. ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕੀਤੀ ਅਤੇ ਮਜੀਦ ਭਾਈ ਰਾਜਿੰਦਰ ਸਿੰਘ ਮਹਿਤਾ ਵੱਲੋਂ ਕੀਤੀ ਗਈ। ਐਡਵੋਕੇਟ ਧਾਮੀ ਦੇ ਮੁਕਾਬਲੇ ਸ. ਮਿੱਠੂ ਸਿੰਘ ਕਾਹਨੇਕੇ ਦਾ ਨਾਂ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵੱਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਨਾਂ ਦੀ ਤਾਈਦ ਬੀਬੀ ਪਰਮਜੀਤ ਕੌ੍ਰ ਲਾਂਡਰਾਂ ਅਤੇ ਮਜੀਦ ਸ. ਅਮਰੀਕ ਸਿੰਘ ਸ਼ਾਹਪੁਰ ਨੇ ਕੀਤੀ। ਇਸ ਉਪਰੰਤ ਹੋਈਆਂ ਵੋਟਾਂ ’ਚ ਐਡਵੋਕੇਟ ਧਾਮੀ 117 ਵੋਟਾਂ ਲੈ ਕੇ ਜੇਤੂ ਰਹੇ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਦਾ ਨਾਂ ਸ. ਸੁਰਜੀਤ ਸਿੰਘ ਗੜ੍ਹੀ ਨੇ ਪੇਸ਼ ਕੀਤਾ, ਤਾਈਦ ਸ. ਦਲਜੀਤ ਸਿੰਘ ਭਿੰਡਰ ਅਤੇ ਤਾਈਦ ਮਜੀਦ ਸ. ਅਜਮੇਰ ਸਿੰਘ ਖੇੜਾ ਨੇ ਕੀਤੀ। ਜੂਨੀਅਰ ਮੀਤ ਪ੍ਰਧਾਨ ਲਈ ਸ. ਬਲਦੇਵ ਸਿੰਘ ਕਲਿਆਣ ਦਾ ਨਾਂ ਸ. ਰਘਬੀਰ ਸਿੰਘ ਸਹਾਰਨਮਾਜਰਾ ਵੱਲੋਂ ਪੇਸ਼ ਕੀਤਾ ਗਿਆ, ਤਾਈਦ ਸ. ਹਰਪ੍ਰੀਤ ਸਿੰਘ ਗਰਚਾ ਅਤੇ ਮਜੀਦ ਸ. ਸ. ਸੁਰਜੀਤ ਸਿੰਘ ਕੰਗ ਨੇ ਕੀਤੀ। ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ ਦਾ ਨਾਂ ਸ. ਗੁਰਮੀਤ ਸਿੰਘ ਬੂਹ ਵੱਲੋਂ ਪੇਸ਼ ਕੀਤਾ ਗਿਆ, ਤਾਈਦ ਸ. ਚਰਨਜੀਤ ਸਿੰਘ ਕਾਲੇਵਾਲ ਅਤੇ ਮਜੀਦ ਸ. ਗੁਰਨਾਮ ਸਿੰਘ ਜੱਸਲ ਵੱਲੋਂ ਕੀਤੀ ਗਈ। 11 ਮੈਂਬਰੀ ਅੰਤ੍ਰਿੰਗ ਕਮੇਟੀ ਬਣਾਉਣ ਲਈ ਸ. ਅਮਰਜੀਤ ਸਿੰਘ ਬੰਡਾਲਾ ਨੇ ਤਜਵੀਜ ਪੇਸ਼ ਕੀਤੀ, ਜਿਸ ’ਤੇ ਸ. ਗੁਰਿੰਦਰਪਾਲ ਸਿੰਘ ਗੋਰਾ ਤੇ ਸ. ਗੁਰਪ੍ਰੀਤ ਸਿੰਘ ਝੱਬਰ ਨੇ ਮੋਹਰ ਲਗਾਈ। ਜਨਰਲ ਇਜਲਾਸ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਵੱਲੋਂ ਚਲਾਈ ਗਈ।