ਥਰਮਲ ਪਲਾਂਟ ਰੂਪਨਗਰ ਦਾ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਮੁਅੱਤਲ
ਪ੍ਰਾਈਵੇਟ ਥਰਮਲ ਪਲਾਂਟਾਂ ਦੇ ਮੁਕਾਬਲੇ ਵੱਧ ਬਾਲਣ ਦਾ ਖਰਚਾ ਬਣਿਆ ਮੁਅੱਤਲੀ ਦਾ ਕਾਰਨ
ਘਨੌਲੀ : ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਅਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਦੇ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਪਾਵਰਕਾਮ ਮੈਨੇਜਮੈਂਟ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਸਮੇਂ ਦੌਰਾਨ ਉਨ੍ਹਾਂ ਦਾ ਹੈੱਡਕੁਆਰਟਰ ਮੁੱਖ ਦਫ਼ਤਰ ਪੀ.ਐੱਸ.ਪੀ.ਸੀ.ਐੱਲ. ਪਟਿਆਲਾ ਫਿਕਸ ਕੀਤਾ ਗਿਆ ਹੈ।
ਪਾਵਰਕਾਮ ਦੇ ਨਵੇਂ ਸੀ.ਐੱਮ.ਡੀ. ਬਸੰਤ ਗਰਗ ਵੱਲੋਂ ਜਾਰੀ ਹੁਕਮਾਂ ਰਾਹੀਂ ਉਨ੍ਹਾਂ ਦੀ ਮੁਅੱਤਲੀ ਦਾ ਕਾਰਨ ਦੋਵੇਂ ਥਰਮਲ ਪਲਾਂਟ ਦੇ ਬਾਲਣ ਦਾ ਖਰਚਾ ਪ੍ਰਾਈਵੇਟ ਥਰਮਲ ਪਲਾਂਟ ਨਾਲੋਂ ਵੱਧ ਹੋਣਾ ਦੱਸਿਆ ਗਿਆ ਹੈ। ਜਾਰੀ ਹੁਕਮਾਂ ਮੁਤਾਬਕ ਪੀੇ.ਐੱਸ.ਪੀ.ਸੀ.ਐੱਲ. ਕੋਲ ਪਛਵਾੜਾ ਝਾਰਖੰਡ ਵਿਖੇ ਆਪਣੀ ਕੋਲੇ ਦੀ ਖਾਣ ਹੋਣ ਦੇ ਬਾਵਜੂਦ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਪ੍ਰਤੀ ਯੂਨਿਟ 0.75 ਪੈਸੇ ਖਰਚੇ ਤੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਅਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਦਾ ਪ੍ਰਤੀ ਯੂਨਿਟ ਖਰਚਾ 1.25 ਪੈਸੇ ਜ਼ਿਆਦਾ ਆ ਰਿਹਾ ਹੈ।