ਅੰਤਰਰਾਜੀ ਨਕਲੀ ਨੋਟ ਘਪਲੇ ਦਾ ਪਰਦਾਫਾਸ਼, ਪਟਿਆਲਾ ਤੋਂ ਮੱਧ ਪ੍ਰਦੇਸ਼ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ 

ਏਜੰਸੀ

ਖ਼ਬਰਾਂ, ਪੰਜਾਬ

ਮੱਧ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ, ਹਰਿਆਣਾ ਅਤੇ ਪੰਜਾਬ ’ਚ ਜਾਅਲੀ ਨੋਟ ਸਪਲਾਈ ਕੀਤੇ ਸਨ

representative Image.

ਮੰਦਸੌਰ : ਮੱਧ ਪ੍ਰਦੇਸ਼ ਪੁਲਿਸ ਨੇ ਪੰਜਾਬ ਦੇ ਪਟਿਆਲਾ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਥਿਤ ਤੌਰ ਉਤੇ  3.66 ਲੱਖ ਰੁਪਏ ਦੀ ਨਕਲੀ ਭਾਰਤੀ ਕਰੰਸੀ ਨੋਟ ਜ਼ਬਤ ਕੀਤੇ ਹਨ। ਅਧਿਕਾਰੀ ਨੇ ਦਸਿਆ  ਕਿ ਜਿਸ ਅੰਤਰਰਾਜੀ ਗਿਰੋਹ ਦਾ ਉਹ ਹਿੱਸਾ ਸੀ, ਉਸ ਨੇ ਮੱਧ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ, ਹਰਿਆਣਾ ਅਤੇ ਪੰਜਾਬ ’ਚ ਜਾਅਲੀ ਨੋਟ ਸਪਲਾਈ ਕੀਤੇ ਸਨ। 

ਪੁਲਿਸ ਸੁਪਰਡੈਂਟ ਵਿਨੋਦ ਕੁਮਾਰ ਮੀਨਾ ਨੇ ਪੱਤਰਕਾਰਾਂ ਨੂੰ ਦਸਿਆ, ‘‘ਮੁੱਖ ਮੁਲਜ਼ਮ ਗੁਰਿੰਦਰਜੀਤ ਸਿੰਘ (36) ਨੂੰ ਪੰਜਾਬ ਦੇ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅਸੀਂ 200 ਅਤੇ 500 ਰੁਪਏ ਦੇ ਰੂਪ ਵਿਚ 3.66 ਲੱਖ ਰੁਪਏ ਦੇ ਨਕਲੀ ਨੋਟਾਂ ਨੂੰ ਜ਼ਬਤ ਕੀਤਾ। ਅਸੀਂ ਕਾਗਜ਼, ਕੰਪਿਊਟਰ, ਕਲਰ ਪ੍ਰਿੰਟਰ ਅਤੇ ਜਾਅਲੀ ਨੋਟ ਬਣਾਉਣ ਲਈ ਵਰਤੀ ਜਾਣ ਵਾਲੀ ਹਰੀ ਚਮਕਦਾਰ ਫਿਲਮ ਬਰਾਮਦ ਕੀਤੀ।’’

ਮੀਨਾ ਨੇ ਦਸਿਆ  ਕਿ 27 ਅਕਤੂਬਰ ਨੂੰ ਇੱਥੇ ਤਿੰਨ ਵਿਅਕਤੀਆਂ ਕੋਲੋਂ 38,000 ਰੁਪਏ ਦੇ ਨਕਲੀ ਨੋਟ ਬਰਾਮਦ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਦੋ ਮੁਲਜ਼ਮਾਂ ਨੂੰ ਹਰਿਆਣਾ ਦੇ ਅੰਬਾਲਾ ਤੋਂ 6,000 ਰੁਪਏ ਦੇ ਨਕਲੀ ਨੋਟਾਂ ਨਾਲ ਹਿਰਾਸਤ ਵਿਚ ਲਿਆ ਗਿਆ ਸੀ। ਉਨ੍ਹਾਂ ਵਲੋਂ  ਦਿਤੀ  ਗਈ ਸੂਚਨਾ ਦੇ ਆਧਾਰ ਉਤੇ  ਮੰਦਸੌਰ ਪੁਲਿਸ ਦੀ ਟੀਮ ਨੇ ਪਟਿਆਲਾ ਦੇ ਸਨੌਰ ਸਥਿਤ ਗੁਰਿੰਦਰਜੀਤ ਸਿੰਘ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। 

ਐਸ.ਪੀ. ਨੇ ਦਸਿਆ  ਕਿ ਗੁਰਿੰਦਰਜੀਤ ਸਿੰਘ ਪੰਜ ਸਾਲਾਂ ਤੋਂ ਨਕਲੀ ਕਰੰਸੀ ਬਣਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਹਰਿਆਣਾ ਅਤੇ ਰਾਜਸਥਾਨ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਇਕ ਹੋਰ ਅਧਿਕਾਰੀ ਨੇ ਦਸਿਆ  ਕਿ ਮੁਲਜ਼ਮ ਨੇ ਯੂਟਿਊਬ ਤੋਂ ਨਕਲੀ ਨੋਟ ਬਣਾਉਣ ਦੀ ਪ੍ਰਕਿਰਿਆ ਸਿੱਖਣ ਦੀ ਗੱਲ ਕਬੂਲ ਕੀਤੀ ਹੈ।