ਲੁਧਿਆਣਾ ਪੁਲਿਸ ਨੇ ਗਾਇਬ ਨਾਬਾਲਗ ਲੜਕੀ ਦੇ ਕੇਸ ’ਚ ਵਰਤੀ ਲਾਪਰਵਾਹੀ
ਅਦਾਲਤ ਨੇ 4 ਅਫ਼ਸਰਾਂ ਦੀ ਸੈਲਰੀ ਅਟੈਚ ਕਰਨ ਦਾ ਦਿੱਤਾ ਹੁਕਮ
ਲੁਧਿਆਣਾ : ਲੁਧਿਆਣਾ ਪੁਲਿਸ ਦੇ ਅਫ਼ਸਰਾਂ ਨੇ ਇਕ ਨਾਬਾਲਗ ਲੜਕੀ ਦੇ ਘਰ ਤੋਂ ਗਾਇਬ ਹੋਣ ਤੋਂ ਬਾਅਦ ਉਸ ਨੂੰ ਨਾ ਤਾਂ ਲੱਭਿਆ ਅਤੇ ਨਾ ਹੀ ਇਸ ਮਾਮਲੇ ’ਚ ਕੋਈ ਠੋਸ ਕਾਰਵਾਈ ਕੀਤੀ। ਇਹੀ ਨਹੀਂ ਪੁਲਿਸ ਅਫ਼ਸਰਾਂ ਨੇ ਇਸ ਕੇਸ ’ਚ ਲਾਪਰਵਾਹੀ ਵੀ ਵਰਤੀ। ਪੁਲਿਸ ਅਧਿਕਾਰੀਆਂ ਨੂੰ ਅਜਿਹਾ ਕਰਨਾ ਮਹਿੰਗਾ ਪਿਆ। ਕੋਰਟ ਨੇ ਲਾਪਰਵਾਹੀ ਵਰਤਣ ’ਤੇ ਪੁਲਿਸ ਦੇ ਚਾਰ ਅਫ਼ਸਰਾਂ ਦੀ ਸੈਲਰੀ ਅਟੈਚ ਕਰਨ ਦਾ ਹੁਕਮ ਦਿੱਤਾ ਹੈ।
ਐਡਵੋਕੇਟ ਰਾਹੁਲ ਨੇ ਗਾਇਬ ਨਾਬਾਲਗ ਲੜਕੀ ਦੇ ਮਾਤਾ-ਪਿਤਾ ਵੱਲੋਂ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਐਡਵੋਕੇਟ ਰਾਹੁਲ ਨੇ ਦੱਸਿਆ ਕਿ ਆਈ.ਓ., ਐਸ.ਐਚ.ਓ. ਟਿੱਬਾ, ਐਸ.ਐਚ.ਓ. ਸਾਈਬਰ ਸੈਲ ਅਤੇ ਏ.ਸੀ.ਪੀ. ਲੁਧਿਆਣਾ ਈਸਟ ਦੀ ਮਹੀਨੇ ਦੀ ਇਕ ਤਿਹਾਈ ਸੈਲਰੀ ਅਟੈਚ ਕਰਨ ਨੂੰ ਕਿਹਾ ਹੈ। ਪੁਲਿਸ ਕਮਿਸ਼ਨਰ ਨੇ ਇਸ ਮਾਮਲੇ ਦੀ ਜਾਂਚ ਕਿਸੇ ਸਮਰੱਥ ਅਧਿਕਾਰੀ ਤੋਂ ਕਰਵਾਉਣ ਅਤੇ ਖੁਦ ਸਾਰੇ ਮਾਮਲੇ ’ਤੇ ਨਜ਼ਰ ਰੱਖਣ ਦੀ ਗੱਲ ਆਖੀ ਹੈ।
ਉਨ੍ਹਾਂ ਦੱਸਿਆ ਕਿ ਅਫ਼ਸਰਾਂ ਨੇ ਕੋਰਟ ’ਚ ਸਹੀ ਤਰੀਕੇ ਨਾਲ ਜਵਾਬ ਨਹੀਂ ਦਿੱਤਾ। ਜਿਸ ’ਤੇ ਕੋਰਟ ਨੇ ਇਹ ਹੁਕਮ ਜਾਰੀ ਕੀਤਾ ਹੈ। ਕੋਰਟ ਨੇ ਅਫ਼ਸਰਾਂ ਨੂੰ ਅਗਲੀ ਤਰੀਕ 6 ਨਵੰਬਰ ਤੋਂ ਪਹਿਲਾਂ ਆਪਣੇ-ਆਪਣੇ ਪੱਧਰ ’ਤੇ ਡਿਟੇਲ ਰਿਪੋਰਟ ਦੇਣ ਨੂੰ ਕਿਹਾ ਹੈ।
ਜ਼ਿਕਰਯੋਗ ਹੈ ਕਿ 10 ਜੁਲਾਈ ਨੂੰ ਥਾਣਾ ਟਿੱਬਾ ’ਚ ਇਕ ਐਫ.ਆਈ.ਆਰ. ਦਰਜ ਹੋਈ ਜਿਸ ’ਚ ਨਿਊ ਸ਼ਕਤੀ ਨਗਰ ਦੀ ਰਹਿਣ ਵਾਲੀ ਨਾਬਾਲਗ ਲੜਕੀ ਦੇ ਪਿਤਾ ਨੇ ਕਿਹਾ ਸੀ ਕਿ ਉਸ ਦੀ ਬੇਟੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਦੇ ਲਈ ਆਪਣੀ ਹਿਰਾਸਤ ’ਚ ਰੱਖਿਆ ਹੈ। ਨਾਬਾਲਗ ਲੜਕੀ 6 ਜੁਲਾਈ ਨੂੰ ਗਾਇਬ ਹੋ ਗਈ ਸੀ ਅਤੇ ਉਸ ਤੋਂ ਬਾਅਦ ਪੁਲਿਸ ਨੇ ਚਾਰ ਦਿਨ ਬਾਅਦ ਐਫ.ਆਈ.ਆਰ. ਦਰਜ ਕੀਤੀ ਸੀ। ਅਦਾਲਤ ਨੇ ਪੁਲਿਸ ਅਫ਼ਸਰਾਂ ਤੋਂ ਇਸ ਸਬੰਧੀ ਸਾਰੀ ਰਿਪੋਰਟ ਮੰਗੀ ਹੈ।
ਨਾਬਾਲਗ ਲੜਕੀ ਦੀ ਮਾਂ ਨੇ ਦੱਸਿਆ ਕਿ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਉਹ ਆਪਣੀ ਬੱਚੀ ਨੂੰ ਲੱਭਣ ਦਾ ਯਤਨ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਦੇ ਹੱਥ ਇਕ ਸੀ.ਸੀ.ਟੀ.ਵੀ. ਫੁਟੇਜ ਲੱਗੀ, ਜਿਸ ’ਚ ਉਹ ਗਲੀ ’ਚ ਪੈਦਲ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਨ੍ਹਾਂ ਇਹ ਫੁਟੇਜ਼ ਵੀ ਪੁਲਿਸ ਨੂੰ ਦਿੱਤੀ। ਪਰ ਪੁਲਿਸ ਨੇ ਉਸ ਤੋਂ ਬਾਅਦ ਵੀ ਕਾਰਵਾਈ ਨੂੰ ਅੱਗੇ ਨਹੀਂ ਵਧਾਇਆ।