ਸਿੱਧੂ ਦੇ 'ਕੈਪਟਨ' ਵਾਲੇ ਬਿਆਨ ਮਗਰੋਂ ਕਾਂਗਰਸ 'ਚ ਛਿੜੀ 'ਪੋਸਟਰ ਜੰਗ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣੇ ’ਚ ਕੈਪਟਨ ਅਮਰਿੰਦਰ ਸਿੰਘ ਦੇ ਪੱਖ ’ਚ ਪੰਜਾਬ ਦਾ ਕੈਪਟਨ ਸਾਡਾ ਕੈਪਟਨ ਦੇ ਪੋਸਟਰ ਲੱਗਣ ਤੋਂ ਬਾਅਦ ਨਵਜੋਤ ਸਿੱਧੂ ਦਾ ਬਿਆਨ ਸਾਹਮਣੇ ਆਇਆ

Poster

 ਲੁਧਿਆਣਾ (ਸਸਸ) : ਲੁਧਿਆਣੇ ’ਚ ਕੈਪਟਨ ਅਮਰਿੰਦਰ ਸਿੰਘ ਦੇ ਪੱਖ ’ਚ ਪੰਜਾਬ ਦਾ ਕੈਪਟਨ ਸਾਡਾ ਕੈਪਟਨ ਦੇ ਪੋਸਟਰ ਲੱਗਣ ਤੋਂ ਬਾਅਦ ਨਵਜੋਤ ਸਿੱਧੂ ਦਾ ਬਿਆਨ ਸਾਹਮਣੇ ਆਇਆ। ਉਨ੍ਹਾਂ ਦਾ ਕਹਿਣਾ ਹੈ ਕਿ ਗੰਦੀ ਰਾਜਨੀਤੀ ਖੇਡਣੀ ਮੈਨੂੰ ਨਹੀਂ ਆਉਂਦੀ ਅਤੇ ਨਾ ਹੀ ਪਸੰਦ ਹੈ। ਕੈਪਟਨ ਸਾਹਿਬ ਮੇਰੇ ਪਿਤਾ ਦੀ ਤਰ੍ਹਾਂ ਹਨ।

ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਹਾਂ, ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹਾਂ। ਉਨ੍ਹਾਂ ਦੇ ਨਾਲ ਮੇਰਾ ਜੋ ਵੀ ਮਾਮਲਾ ਹੈ, ਮੈਂ ਆਪਣੇ ਆਪ ਹੀ ਨਿਬੇੜ ਲਵਾਂਗਾ। 
 ਨਵਜੋਤ ਸਿੱਧੂ ਨੇ ਕਿਹਾ ਕਿ ਬੀਜੇਪੀ ਨੇ ਸਾਨੂੰ 3 ਮੋਦੀ ਦਿੱਤੇ, ਨੀਰਵ ਮੋਦੀ, ਲਲਿਤ ਮੋਦੀ  ਅਤੇ ਇਕ ਜੋ ਅੰਬਾਨੀ ਦੀ ਗੋਦੀ ਵਿਚ ਬੈਠਾ ਹੈ, ਨਰੇਂਦਰ ਮੋਦੀ। ਮੋਦੀ ਦੀ ਸਰਕਾਰ ਉਦਮੀਆਂ ਦੇ ਹੱਥਾਂ ਦੀ ਕਠਪੁਤਲੀ ਹੈ।

ਇਹ ਸਰਕਾਰ ਗਰੀਬਾਂ ਨੂੰ ਕੁਝ ਨਹੀਂ ਦੇ ਸਕਦੀ। ਇਹ ਸਿਰਫ ਅੰਬਾਨੀ ਅਤੇ ਅਡਾਨੀ ਲਈ ਕੰਮ ਕਰਦੀ ਹੈ । ਪਾਕਿਸਤਾਨ ਤੋਂ ਵਾਪਿਸ ਆਉਣ ਦੇ ਬਾਅਦ ਕੈਬਿਨਟ ਮੰਤਰੀ ਨਵਜੋਤ ਸਿੱਧੂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਦਿੱਤੇ ਬਿਆਨ ਦੇ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ। ਜਿੱਥੇ ਕੈਬਿਨਟ ਮੰਤਰੀਆਂ ਨੇ ਸਿੱਧੂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ, ਉਥੇ ਹੀ ਕਈ ਸੀਨੀਅਰ ਨੇਤਾ ਮੁੱਖ ਮੰਤਰੀ ਦੇ ਹੱਕ ਵਿਚ ਆ ਗਏ ਹਨ। 

ਲੁਧਿਆਣਾ ’ਚ ਕੈਬਿਨਟ ਮੰਤਰੀ ਭਾਰਤ ਭੂਸ਼ਨ ਆਸ਼ੂ, ਸੰਸਦ ਰਵਨੀਤ ਸਿੰਘ ਬਿੱਟੂ, ਵਿਧਾਇਕ ਰਾਕੇਸ਼ ਪੰਡਿਤ, ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਸੰਜੈ ਤਲਵਾੜ ਅਤੇ ਵਿਧਾਇਕ ਕੁਲਦੀਪ ਸਿੰਘ  ਵੈਦ ਨੇ ‘ਪੰਜਾਬ ਦਾ ਕੈਪਟਨ ਸਾਡਾ ਕੈਪਟਨ’ ਦੇ ਪੋਸਟਰ ਲਗਾਏ ਗਏ ਹਨ। ਸ਼ਹਿਰ ਵਿਚ ਪੰਜਾਹ ਤੋਂ ਜ਼ਿਆਦਾ ਯੂਨੀਪੋਲ ਉੱਤੇ ਇਹ ਪੋਸਟਰ ਲਗਾਏ ਹਨ । 

ਸੰਸਦ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਇਹ ਮੁਹਿੰਮ ਛੇੜੀ ਹੈ। ਇਸਦੇ ਜ਼ਰੀਏ ਸੁਨੇਹਾ ਦਿੱਤਾ ਹੈ ਕਿ ਪੰਜਾਬ ਦਾ ਕੈਪਟਨ ਹੀ ਉਨ੍ਹਾਂ ਦਾ ਕੈਪਟਨ ਹੈ। ਯੂਨੀਪੋਲ ਦੇ ਨਾਲ ਨਾਲ ਕਾਂਗਰਸੀਆਂ ਨੇ ਸੋਸ਼ਲ ਮੀਡੀਆ ’ਤੇ ਵੀ ਮੁਹਿੰਮ ਛੇੜੀ ਹੈ।  ਸੰਸਦ ਰਵਨੀਤ ਸਿੰਘ ਬਿੱਟੂ, ਮੰਤਰੀ ਆਸ਼ੂ ਅਤੇ ਵਿਧਾਇਕਾਂ ਨੇ ਇਸ ਪੋਸਟਰ ਨੂੰ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਕਰ ਦਿੱਤਾ ਹੈ।