'ਆਪ' ਵੱਲੋਂ ਖਿਡਾਰੀਆਂ, ਲੇਖਕਾਂ ਅਤੇ ਹੋਰ ਹਸਤੀਆਂ ਵੱਲੋਂ ਐਵਾਰਡ ਵਾਪਸੀ ਦੀ ਮੁਹਿੰਮ ਦਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਰਸੀ ਲਈ ਕਿਸਾਨੀ ਨੂੰ ਵੇਚਣ ਵਾਲੇ ਬਾਦਲ ਹੁਣ ਚੀਚੀ ਨੂੰ ਖ਼ੂਨ ਲਗਾਕੇ ਸ਼ਹੀਦ ਬਣਨ ਦੀ ਕੋਸ਼ਿਸ਼ ਨਾ ਕਰਨ : ਹਰਪਾਲ ਸਿੰਘ ਚੀਮਾ

Badals who bartered interests of Punjab farmers are posing themselves as 'martyrs': Harpal Singh Cheema

ਚੰਡੀਗੜ੍ਹ - ਆਮ ਆਦਮੀ ਪਾਰਟੀ ਪੰਜਾਬ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਐਵਾਰਡ ਵਾਪਸ ਕਰਨ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਐਨਡੀਏ ਦਾ ਹਿੱਸਾ ਹੁੰਦੇ ਹੋਏ ਇਹ ਕਾਲੇ ਕਾਨੂੰਨ ਬਣਨ ਹੀ ਨਾ ਦਿੰਦੇ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਉਨ੍ਹਾਂ ਕਿਹਾ ਕਿ ਜਦੋਂ ਬਾਦਲਾਂ ਕੋਲ ਮੋਦੀ ਸਰਕਾਰ ਨੂੰ ਮਾਰੂ ਖੇਤੀ ਕਾਨੂੰਨ ਬਣਾਉਣ ਤੋਂ ਰੋਕਣ ਦੀ ਤਾਕਤ ਸੀ

ਉਸ ਸਮੇਂ ਇਸ ਪਰਿਵਾਰ ਨੇ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਲਈ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਗਹਿਣੇ ਧਰ ਦਿੱਤਾ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਜਿੱਥੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਖਿਡਾਰੀਆਂ, ਲੇਖਕਾਂ ਤੇ ਹੋਰ ਹਸਤੀਆਂ ਵੱਲੋਂ ਕੌਮੀ ਐਵਾਰਡ ਵਾਪਸ ਕਰਨ ਦੀ ਮੁਹਿੰਮ ਦਾ ਸਵਾਗਤ ਕੀਤਾ, ਉੱਥੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਵਾਰਡ ਵਾਪਸ ਕਰਨ ਨੂੰ ਡਰਾਮਾ ਕਰਾਰ ਦਿੱਤਾ।

ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਹਿੱਸਾ ਹੁੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਸਮੇਤ ਪੂਰਾ ਬਾਦਲ ਪਰਿਵਾਰ ਨੇ ਇਨ੍ਹਾਂ ਮਾਰੂ ਖੇਤੀ ਬਿੱਲਾਂ ਨੂੰ ਬਹੁਤ ਅੱਛੇ ਦੱਸ ਕੇ ਪੰਜਾਬ ਅਤੇ ਦੇਸ਼ ਭਰ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਪ੍ਰੰਤੂ ਜਦੋਂ ਕਿਸਾਨਾਂ ਸਮੇਤ ਸਾਰਾ ਪੰਜਾਬ ਖ਼ਿਲਾਫ਼ ਹੋ ਗਿਆ ਅਤੇ ਪਿੰਡਾਂ ਵਿਚ ਬਾਦਲ ਦਲ ਤੇ ਭਾਜਪਾ ਦੀ ''ਨੋ ਐਂਟਰੀ'' ਦੇ ਬੋਰਡ ਲਗਾ ਦਿੱਤੇ ਉਦੋਂ ਤੋਂ ਬਾਦਲ ਪਰਿਵਾਰ ਚੀਚੀ ਨੂੰ ਖ਼ੂਨ ਲਗਾਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਦਲ ਵੱਲੋਂ ਐਵਾਰਡ ਵਾਪਸ ਕਰਨ ਦਾ ਫ਼ੈਸਲਾ ਵੀ ਉਸੇ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ।