ਕਿਸਾਨਾਂ ਦੀ ਦੋ-ਟੁੱਕ...ਹੋਰ ਗੱਲਬਾਤ ਦਾ ਫ਼ਾਇਦਾ ਨਹੀਂ, ਦਸੋ ‘ਖੇਤੀ ਕਾਨੂੰਨ ਵਾਪਸ ਕਰੋਗੇ ਜਾਂ ਨਹੀਂ’?
ਪੁਰਸਕਾਰ ਵਾਪਸ ਕਰਨ ਦੀ ਲੱਗੀ ਝੜੀ, ਪ੍ਰਕਾਸ਼ ਸਿੰਘ ਬਾਦਲ ਤੋਂ ਬਾਦ ਢੀਂਡਸਾ ਨੇ ਵੀ ਕੀਤਾ ਵੱਡਾ ਐਲਾਨ
ਚੰਡੀਗੜ੍ਹ : ਕੇਂਦਰ ਵਲੋਂ ਪਾਸ ਕੀਤਾ ਗਿਆ ਖੇਤੀ ਕਾਨੂੰਨ ਮੋਦੀ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਹੈ। ਕਿਸਾਨੀ ਰੌਅ ਨੂੰ ਵੇਖਦਿਆਂ ਜਿੱਥੇ ਇਕ ਪਾਸੇ ਭਾਜਪਾ ਦੇ ਕਈ ਭਾਈਵਾਲ ਭਾਜਪਾ ਤੋਂ ਕਿਨਾਰਾ ਕਰਨ ਦੀ ਫਿਰਾਕ ’ਚ ਹਨ, ਉਥੇ ਹੀ ਪਾਰਟੀ ਅੰਦਰੋਂ ਵੀ ਬਗਾਵਤੀ ਸੁਰਾਂ ਉਠਣ ਲੱਗੀਆਂ ਹਨ। ਪਾਰਟੀ ਦੇ ਕਈ ਸੀਨੀਅਰ ਆਗੂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਗੰਭੀਰਤਾ ਨਾਲ ਸੁਣਨ ਲਈ ਕਹਿ ਰਹੇ ਹਨ। ਇੰਨਾ ਹੀ ਨਹੀਂ, ਭਾਜਪਾ ਦੇ ਪੁਰਾਣੇ ਭਾਈਵਾਲ ਭਾਜਪਾ ਨਾਲੋਂ ਨਾਤਾ ਤੋੜਨ ਬਾਅਦ ਹੁਣ ਸਰਕਾਰ ਵਲੋਂ ਦਿਤੇ ਗਏ ਪੁਰਸਕਾਰ ਵੀ ਵਾਪਸ ਮੋੜਣ ਲੱਗ ਪਏ ਹਨ।
ਪੰਜਾਬ ਅੰਦਰ ਅਕਾਲੀ-ਭਾਜਪਾ ਗਠਜੋੜ ਦੇ ਪਿਤਾਮਾ ਕਹੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਪਣਾ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਕਰ ਦਿਤਾ ਹੈ। ਇਸੇ ਤਰ੍ਹਾਂ ਹੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਦੌਰਾਨ ਮੰਤਰੀ ਰਹਿ ਚੁੱਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਅਪਣਾ ਪੁਰਸਕਾਰ ਪਦਮ ਭੂਸ਼ਨ ਵਾਪਸ ਕਰਨ ਦਾ ਐਲਾਨ ਕਰ ਦਿਤਾ ਹੈ। ਸੂਤਰਾਂ ਮੁਤਾਬਕ ਕਈ ਹੋਰ ਸ਼ਖ਼ਸੀਅਤਾਂ ਵਲੋਂ ਵੀ ਅਪਣੇ ਪੁਰਸਕਾਰ ਵਾਪਸ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਕਈ ਪ੍ਰਸਿੱਧ ਖਿਡਾਰੀ ਵੀ ਅਪਣੇ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰ ਚੁੱਕੇ ਹਨ ਜੋ 5 ਦਸੰਬਰ ਨੂੰ ਪੁਰਸਕਾਰ ਵਾਪਸ ਕਰਨ ਦਿੱਲੀ ਜਾਣਗੇ।
ਕਿਸਾਨੀ ਸੰਘਰਸ਼ ਨੂੰ ਮਿਲ ਰਹੇ ਇਸ ਸਮਰਥਨ ਤੋਂ ਬਾਅਦ ਭਾਜਪਾ ਦੇ ਦੇਸ਼ ਵਿਚੋਂ ‘ਚੰਗੇ ਦਿਨ ਖ਼ਤਮ’ ਹੋਣ ਦੀ ਸ਼ੁਰੂਆਤ ਵਜੋਂ ਵੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਦਰਾ ਗਾਂਧੀ ਤੋਂ ਬਾਅਦ ਦੂਜੇ ਅਜਿਹੇ ਨੇਤਾ ਹਨ ਜਿਨ੍ਹਾਂ ਦੀ ਮੁਖ਼ਾਲਫਿਤ ਇੰਨੀ ਵੱਡੀ ਗਿਣਤੀ ਦਿਗਜ਼ ਸਿਆਸਤਦਾਨ ਕਰ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦੇਸ਼ ਅੰਦਰ ਐਮਰਜੰਸੀ ਲਾਉਣ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ, ਪਰ ਚੱਲ ਰਹੇ ਕਿਸਾਨੀ ਸੰਘਰਸ਼ ਦੇ ਦੇਸ਼-ਵਿਆਪੀ ਬਣਨ ਤੋਂ ਬਾਅਦ ਬਣੇ ਹਾਲਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਨਾਲ ਵੀ ਇਹੀ ਲਕਬ ਜੁੜਦਾ ਵਿਖਾਈ ਦੇ ਰਿਹਾ ਹੈ।
ਕਾਬਲੇਗੌਰ ਹੈ ਕਿ ਖੇਤੀ ਕਾਨੂੰਨਾਂ ਖਿਲਾਫ਼ ਭਾਜਪਾ ਤੋਂ ਇਲਾਵਾ ਸਾਰੀਆਂ ਸਿਆਸੀ ਧਿਰਾਂ ਇਕਜੁਟ ਹੋ ਚੁੱਕੀਆਂ ਹਨ। ਇੱਥੋਂ ਤਕ ਕਿ ਭਾਜਪਾ ਦੀ ਕਰਤਾ-ਧਰਤਾ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨਾਲ ਜੁੜੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਸੰਘ ਵੀ ਖੇਤੀ ਕਾਨੂੰਨਾਂ ਖਿਲਾਫ਼ ਖੁਲ੍ਹ ਕੇ ਸਾਹਮਣੇ ਆ ਚੁੱਕੀ ਹੈ ਅਤੇ ਇਸ ਦੇ ਕਈ ਆਗੂ ਅਪਣੇ ਅਸਤੀਫ਼ੇ ਦੇ ਚੁੱਕੇ ਹਨ। ਵਕੀਲਾਂ ਦੀਆਂ ਬਾਰ ਐਸੋਸੀਏਸ਼ਨਾਂ ਤੋਂ ਇਲਾਵਾ ਵੱਡੀ ਗਿਣਤੀ ਸਭਾ, ਸੁਸਾਇਟੀ ਕਿਸਾਨਾਂ ਦੇ ਸਮਰਥਨ ’ਚ ਨਿਤਰ ਰਹੀਆਂ ਹਨ। ਹੋਲੀ ਹੋਲੀ ਸਮੂਹ ਸਿਵਲ ਸੁਸਾਇਟੀ ਦੇ ਕਿਸਾਨਾਂ ਦੇ ਹੱਕ ’ਚ ਭੁਗਤਣ ਦੇ ਅਸਾਰ ਬਣਦੇ ਜਾ ਰਹੇ ਹਨ।
ਦੂਜੇ ਪਾਸੇ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨ ‘ਕਹਿਣੀ ਅਤੇ ਕਰਨੀ’ ਦੇ ਸੂਰੇ ਬਣਦੇ ਵਿਖਾਈ ਦੇ ਰਹੇ ਹਨ। ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਨੇ ਦਿੱਲੀ ਦੀ ਧੌਣ ’ਤੇ ਗੋਡਾ ਰੱਖ ਕੇ ਮੰਗਾਂ ਮਨਵਾਉਣ ਵਰਗੀਆਂ ਚਿਤਾਵਨੀਆਂ ਦਿਤੀਆਂ ਸਨ। ਅੱਜ ਚੱਲ ਰਹੀ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅਪਣੀ ਇਸੇ ਗੱਲ ਨੂੰ ਸਹੀ ਸਾਬਤ ਕਰਦੇ ਵਿਖਾਈ ਦਿਤੇ। ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀਆਂ ਨੂੰ ਦੋ-ਟੁਕ ਕਹਿ ਦਿਤਾ ਹੈ ਕਿ ਹੋਰ ਗੱਲਬਾਤ ਦਾ ਫ਼ਾਇਦਾ ਨਹੀਂ, ਖੇਤੀ ਕਾਨੂੰਨ ਵਾਪਸ ਕਰੋਗੇ ਜਾਂ ਨਹੀਂ?
ਮੀਟਿੰਗ ’ਚ ਸ਼ਾਮਲ ਕਿਸਾਨ ਆਗੂਆਂ ਨੇ ਕੇਂਦਰ ਨੂੰ ਸਖਤ ਸੁਨੇਹਿਆ ਦਿੰਦਿਆਂ ਮੰਤਰੀਆਂ ਨਾਲ ਖਾਣਾ ਖਾਣ ਤੋਂ ਇਨਕਾਰ ਕਰਦਿਆਂ ਅਪਣਾ ਲਿਆਂਦਾ ਖਾਣਾ ਪੰਗਤ ’ਚ ਬਹਿ ਕੇ ਛਕਿਆ। ਕੇਂਦਰ ਨੂੰ ਅਜਿਹੇ ਤੇਵਰ ਦਿਖਾ ਕੇ ਕਿਸਾਨ ਆਗੂ ਪਹਿਲੀ ਮੀਟਿੰਗ ਦੌਰਾਨ ਹੋਈ ਬੇਇੱਜ਼ਤੀ ਦਾ ਹਿਸਾਬ ਪੂਰਾ ਕਰਦੇ ਵਿਖਾਈ ਦਿਤੇ। ਕਿਸਾਨਾਂ ਦੀ ਦੋ-ਟੁਕ ਨੇ ਕੇਂਦਰ ਸਰਕਾਰ ਲਈ ਕਸੂਤੀ ਸਥਿਤੀ ਪੈਦਾ ਕਰ ਦਿਤੀ ਹੈ ਅਤੇ ਮੀਟਿੰਗਾਂ ਦਾ ਦੌਰ ਲੰਮਾ ਚਲਾ ਕੇ ਕਿਸਾਨਾਂ ਨੂੰ ਥਕਾਉਣ ਦੀ ਚਾਲ ਦਾ ਵੀ ਭੋਗ ਪਾ ਦਿਤਾ ਹੈ।