ਕਿਸਾਨੀ ਸੰਘਰਸ਼ ਕਿਸੇ ਇਕ ਫਿਰਕੇ, ਜਾਤ ਦਾ ਨਹੀਂ, ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ : ਜਰਨੈਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ ਨੂੰ ਫਿਰਕੂ ਰੰਗਤ ਦੇਣ ਦੀ ਸਾਜਿਸ਼ ਰਚ ਰਹੀ ਹੈ ਸੱਤਾਧਾਰੀ ਭਾਜਪਾ ਅਤੇ ਕਾਂਗਰਸ : ਅਮਨ ਅਰੋੜਾ

Battle against black farm laws is the movement of entire country's farmers: Jarnail Singh

 ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਇਹ ਅੰਦੋਲਨ ਕਿਸੇ ਇਕ ਧਰਮ, ਫਿਰਕੇ, ਵਰਗ ਜਾਂ ਖੇਤਰ ਨਾਲ ਸਬੰਧਤ ਨਹੀਂ ਹੈ, ਸਗੋਂ ਸਾਰੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ, ਟਰਾਂਸਪੋਰਟਰਾਂ ਸਮੇਤ ਖੇਤੀਬਾੜੀ ਨਾਲ ਜੁੜੇ ਤਮਾਮ ਵਪਾਰੀਆਂ-ਕਾਰੋਬਾਰੀਆਂ ਦਾ ਇਕਜੁੱਟ ਅਤੇ ਫੈਸਲਾਕੁੰਨ ਸੰਘਰਸ਼ ਹੈ, ਜਿਹੜੇ ਆਪਣੀ ਹੋਂਦ ਨੂੰ ਬਚਾਈ ਰੱਖਣ ਦੀ ਲੜਾਈ ਲੜ ਰਹੇ ਹਨ।

ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਬਿਆਨ ਰਾਹੀਂ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਬਿਨਾਂ ਕਿਸੇ ਸਿੱਟੇ ਉਤੇ ਪਹੁੰਚਣ ਤੋਂ ਪਹਿਲਾਂ ਖਤਮ ਕਰਨ ਦੇ ਇਰਾਦਿਆਂ ਨਾਲ ਭਾਜਪਾ ਅਤੇ ਕਾਂਗਰਸ ਇਸ ਨੂੰ ਫਿਰਕੂ ਰੰਗਤ ਦੇਣ ਦੀਆਂ ਕੋਸ਼ਿਸ਼ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਇਸ ਅੰਦੋਲਨ ਨੂੰ ਛੋਟਾ ਦਿਖਾਉਣ ਲਈ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਕਹਿਕੇ ਗੁੰਮਰਾਹ ਕਰ ਰਹੀਆਂ ਹਨ, ਜਦੋਂ ਕਿ ਸਾਰੇ ਦੇਸ਼ ਦੇ ਕਿਸਾਨ ਇਸ ਵਿਚ ਸ਼ਾਮਲ ਹਨ। ਜਰਨੈਲ ਸਿੰਘ ਨੇ ਕਿਹਾ ਕਿ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਉਤੇ ਪੈਨੀ ਨਜ਼ਰ ਬਣਾਈ ਰੱਖਣ ਲਈ ਕਹਿਣਾ ਗਹਿਰੀ ਸਾਜ਼ਿਸ ਦਾ ਹਿੱਸਾ ਹੈ।

ਆਗੂਆਂ ਨੇ ਕਿਹਾ ਕਿ ਹੁਣ ਭਾਜਪਾ ਦੇ ਨਾਲ ਮਿਲਕੇ ਕਾਂਗਰਸ ਨੇ ਵੀ ਇਸ ਅੰਦੋਲਨ ਨੂੰ ਭੜਕਾਉਣ ਲਈ ਭਾਜਪਾ ਵਾਲੀ ਫਿਰਕੂ ਸੋਚ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਭਾਜਪਾ ਪਹਿਲਾਂ ਹੀ ਕਹਿੰਦੀ ਆ ਰਹੀ ਹੈ ਕਿ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਹੀ ਇਨ੍ਹਾਂ ਖੇਤੀ ਕਾਨੂੰਨਾਂ ਤੋਂ ਦਿੱਕਤ ਕਿਉਂ ਹੈ? ਆਗੂਆਂ ਨੇ ਕਿਹਾ ਕਿ ਅਸਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਬਾਅ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿੱਟੂ ਤੋਂ ਅਜਿਹੇ ਬਿਆਨ ਦਿਵਾ ਰਹੇ ਹਨ

ਤਾਂ ਜੋ ਕਿਸਾਨ ਅੰਦੋਲਨ ਨੂੰ ਕਮਜੋਰ ਕੀਤਾ ਜਾ ਸਕੇ ਅਤੇ ਕਿਸਾਨਾਂ ਨੂੰ  ਜਾਤੀ, ਧਰਮ, ਖੇਤਰਵਾਦ ਵਿਚ ਵੰਡਿਆ ਜਾ ਸਕੇ ਅਤੇ ਲੋਕਾਂ ਤੋਂ ਮਿਲ ਰਿਹਾ ਸਮਰਥਨ ਬੰਦ ਹੋ ਜਾਵੇ। ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦਾ ਪਿਛੋਕੜ ਸਾਬਿਤ ਕਰਦਾ ਹੈ ਕਿ ਭਖਵੇਂ ਮੁੱਦਿਆਂ ਉਤੇ ਜਦ-ਜਦ ਵੀ ਲੋਕ ਲਹਿਰ ਉੱਠੀ ਹੈ ਤਾਂ ਇਨ੍ਹਾਂ ਸੱਤਾਧਾਰੀ ਜਮਾਤਾਂ (ਕਾਂਗਰਸ-ਭਾਜਪਾ) ਨੇ ਲੋਕਾਂ ਅਤੇ ਲੋਕ ਲਹਿਰ 'ਚ ਫੁੱਟ ਪਾਉਣ ਲਈ ਜਾਤੀ, ਖੇਤਰ ਅਤੇ ਧਰਮ ਦੇ ਨਾਂ ''ਤੇ ਫਿਰਕੂ ਪੱਤਾ ਖੇਡਾ ਹੈ। ਇਸੇ ਲਈ ਭਾਜਪਾ ਅਤੇ ਕਾਂਗਰਸੀਆਂ ਵੱਲੋਂ ਖਾਲਿਸਤਾਨੀ ਅਤੇ ਅਰਬਨ ਨਕਸਲੀ ਆਦਿ ਗੈਰ-ਜ਼ਰੂਰੀ ਅਤੇ ਵਿਵਾਦਿਤ ਸ਼ਬਦਾਂ ਨੂੰ ਵਰਤਿਆ ਜਾ ਰਿਹਾ ਹੈ।

'ਆਪ' ਆਗੂਆਂ ਨੇ ਪੰਜਾਬ ਸਮੇਤ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਅੰਦੋਲਨ ਬਾਰੇ ਵਰਤੇ ਜਾ ਰਹੇ ਅਜਿਹੇ ਵਿਵਾਦਤ ਸ਼ਬਦਾਂ ਦੇ ਪਿਛੇ ਦੀ ਸਾਜਿਸ਼ ਤੋਂ ਸੁਚੇਤ ਰਹਿਣ। 'ਆਪ' ਆਗੂਆਂ ਨੇ ਤਸੱਲੀ ਪ੍ਰਗਟਾਈ ਕਿ ਅੰਦੋਲਨਕਾਰੀ ਕਿਸਾਨ ਆਗੂ ਸੱਤਾਧਾਰੀਆਂ ਦੀ ਇਸ ਸ਼ੈਤਾਨੀ ਸੋਚ ਬਾਰੇ ਜਾਗਰੂਕ ਹਨ ਅਤੇ ਇਸਨੂੰ ਪੂਰੇ ਦੇਸ਼ ਦੇ ਕਿਸਾਨਾਂ ਦਾ ਸਾਂਝਾ ਅਤੇ ਇਕਜੁੱਟ ਸੰਘਰਸ਼ ਐਲਾਨ ਰਹੇ ਹਨ।

ਆਗੂਆਂ ਨੇ ਕਿਹਾ ਕਿ ਅੰਦੋਲਨ ਨੂੰ ਖਿਡਾਉਣ ਲਈ ਹਰ ਤਰ੍ਹਾਂ ਦੇ ਹੱਥ ਕੰਢੇ ਵਰਤੇ ਜਾ ਰਹੇ ਹਨ, ਇਹ ਕਿਸਾਨਾਂ ਦੇ ਸੁਚੇਤ ਹੋਣ ਦੀ ਨਿਸ਼ਾਨੀ ਹੈ ਕਿ ਜਿਨ੍ਹਾਂ ਨੇ ਬੀਤੇ ਰਾਤ ਕੁਝ ਸ਼ੱਕੀ ਨੌਜਵਾਨਾਂ ਨੂੰ ਫੜ੍ਹਕੇ ਪੁਲਿਸ ਹਵਾਲੇ ਕੀਤਾ ਜੋ ਆਪਣੇ ਆਪ ਨੂੰ ਪ੍ਰਸ਼ਾਸਨ ਦੇ ਭੇਜੇ ਦੱਸ ਰਹੇ ਸਨ।