ਕਿਸਾਨ ਅੰਦੋਲਨ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਕੈਪਟਨ ਵਲੋਂ ਸਹਾਇਤਾ ਦਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਮੇਰੀਆਂ ਅਰਦਾਸਾਂ ਵਿਛੜੀਆਂ ਰੂਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹਨ

Captain Amarinder Singh

ਚੰਡੀਗੜ੍ਹ - ਕਿਸਾਨਾਂ ਦਾ ਦਿੱਲੀ ਸੰਘਰਸ਼ ਲਗਾਤਾਰ ਜਾਰੀ ਹੈ ਤੇ ਇਸ ਸੰਘਰਸ਼ ਵਿਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਵਿੱਤੀ ਸਹਾਇਤਾ ਸਮੇਤ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਖੇ ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨ ਗੁਰਜੰਟ ਸਿੰਘ ਅਤੇ ਗੁਰਬਚਨ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ।  

ਦੱਸ ਦਈਏ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ 'ਚ ਕੱਲ੍ਹ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਦੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਸੀ। ਹਾਸਲ ਹੋਈ ਜਾਣਕਾਰੀ ਅਨੁਸਾਰ ਬਹਾਦਰਗੜ੍ਹ ਨੇੜੇ ਧਰਨੇ 'ਚ ਸ਼ਾਮਲ ਗੁਰਜੰਟ ਸਿੰਘ (60) ਪੁੱਤਰ ਰਾਮ ਸਿੰਘ ਬੀਤੇ ਕਲ ਅਚਾਨਕ ਬਿਮਾਰ ਹੋ ਗਿਆ। ਉਸ ਨੂੰ ਬਹਾਦਰਗੜ੍ਹ ਹਸਪਤਾਲ 'ਚੋਂ ਪੀ. ਜੀ. ਆਈ. ਰੋਹਤਕ ਵਿਖੇ ਰੈਫ਼ਰ ਕਰ ਦਿਤਾ ਗਿਆ, ਜਿਥੇ ਕਿ ਉਸ ਦੀ ਮੌਤ ਹੋ ਗਈ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦਸਿਆ ਕਿ ਮ੍ਰਿਤਕ ਦੇ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, 1 ਜੀਅ ਨੂੰ ਨੌਕਰੀ ਅਤੇ ਪਰਿਵਾਰ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਤੋਂ ਬਾਅਦ ਹੀ ਉਸ ਦਾ ਸਸਕਾਰ ਕੀਤਾ ਜਾਵੇਗਾ।