ਅਤਿਵਾਦ ਨਾਲ ਦੁਨੀਆਂ ਵਿਚ ਵਿਸ਼ਵ ਯੁੱਧਾਂ ਵਾਂਗੂ ਮਨੁੱਖੀ ਕਤਲੇਆਮ ਹੋਣ ਦਾ ਖ਼ਤਰਾ : ਭਾਰਤ

ਏਜੰਸੀ

ਖ਼ਬਰਾਂ, ਪੰਜਾਬ

ਅਤਿਵਾਦ ਨਾਲ ਦੁਨੀਆਂ ਵਿਚ ਵਿਸ਼ਵ ਯੁੱਧਾਂ ਵਾਂਗੂ ਮਨੁੱਖੀ ਕਤਲੇਆਮ ਹੋਣ ਦਾ ਖ਼ਤਰਾ : ਭਾਰਤ

image

ਅਤਿਵਾਦ ਦੁਨੀਆਂ ਵਿਚ ਯੁੱਧ ਛੇੜਨ ਦੇ ਇਕ ਤਰੀਕੇ ਦੇ ਰੂਪ 'ਚ ਸਾਹਮਣੇ ਆਇਆ

ਸੰਯੁਕਤ ਰਾਸ਼ਟਰ, 2 ਦਸੰਬਰ : ਭਾਰਤ ਨੇ ਕਿਹਾ ਕਿ ਅਤਿਵਾਦ ਭਾਰਤ ਵਿਚ ਯੁੱਧ ਛੇੜਨ ਦੇ ਇਕ ਤਰੀਕੇ ਦੇ ਰੂਪ ਵਿਚ ਸਾਹਮਣੇ ਆਇਆ ਹੈ ਅਤੇ ਇਸ ਨਾਲ ਧਰਤੀ 'ਤੇ ਉਸੇ ਤਰ੍ਹਾਂ ਦਾ ਮਨੁੱਖੀ ਕਤਲਾਂ ਦੇ ਹੋਣ ਦਾ ਖ਼ਤਰਾ ਹੈ, ਜੋ ਦੋਹਾਂ ਵਿਸ਼ਵ ਯੁੱਧਾਂ ਦੌਰਾਨ ਦੇਖਿਆ ਗਿਆ ਸੀ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਆਸ਼ੀਸ਼ ਸ਼ਰਮਾ ਨੇ ਸੋਮਵਾਰ ਨੂੰ ਕਿਹਾ,''ਦੂਜੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਦੇ 75 ਸਾਲ ਪੂਰੇ ਹੋਣਾ, ਸਾਨੂੰ ਸੰਯੁਕਤ ਰਾਸ਼ਟਰ ਦੇ ਮਕਸਦ ਅਤੇ ਇਸ ਦੇ ਸਿਧਾਂਤਾਂ ਪ੍ਰਤੀ ਪ੍ਰਤੀਬਧਤਾ ਦੀ ਦੁਬਾਰਾ ਪੁਸ਼ਟੀ ਕਰਨ ਦਾ ਮੌਕਾ ਦਿੰਦਾ ਹੈ। ਸੰਯੁਕਤ ਰਾਸ਼ਟਰ ਦਾ ਮਕਸਦ ਯੁੱਧ ਦੇ ਸਰਾਪ ਤੋਂ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਹੈ।''
 ਸ਼ਰਮਾ ਨੇ ਦੂਜੇ ਵਿਸ਼ਵ ਯੁੱਧ ਦੇ ਪੀੜਤਾਂ ਦੇ ਸਨਮਾਨ ਵਿਚ ਕਰਵਾਈ ਵਿਸ਼ੇਸ਼ ਬੈਠਕ ਵਿਚ ਕਿਹਾ, ''ਅਤਿਵਾਦ ਸਮਕਾਲੀ ਦੁਨੀਆਂ ਵਿਚ ਯੁੱਧ ਛੇੜਨ ਦੇ ਇਕ ਤਰੀਕੇ ਦੇ ਰੂਪ ਵਿਚ ਸਾਹਮਣੇ ਆਇਆ ਹੈ। ਇਸ ਨਾਲ ਦੁਨੀਆਂ ਵਿਚ ਉਸੇ ਤਰ੍ਹਾਂ ਦੀ ਮਨੁੱਖੀ ਕਤਲੋਗ਼ੈਰਤ ਹੋਵੇਗੀ ਜੋ ਅਸੀਂ ਦੋਹਾਂ ਵਿਸ਼ਵ ਯੁੱਧਾਂ ਦੌਰਾਨ ਦੇਖੀ ਸੀ। ਅਤਿਵਾਦ ਇਕ ਆਲਮੀ ਸਮੱਸਿਆ ਹੈ ਅਤੇ ਆਲਮੀ ਪੱਧਰ 'ਤੇ ਯਤਨਾਂ ਰਾਹੀਂ ਹੀ ਇਸ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ।'' ਉਨ੍ਹਾਂ ਨੇ ਹੋਰ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਯੁੱਧ ਛੇੜਨ ਦੇ ਸਮਕਾਲੀ ਰੂਪਾਂ ਨਾਲ ਲੜਨ ਅਤੇ ਜ਼ਿਆਦਾ ਸ਼ਾਂਤੀਪੂਰਨ ਅਤੇ ਸੁਰੱਖਿਅਤ ਦੁਨੀਆਂ ਯਕੀਨੀ ਕਰਨ ਲਈ ਅਪਣੇ ਆਪ ਨੂੰ ਸਮਰਪਤ ਕਰਨ। (ਪੀਟੀਆਈ)