ਸਿਰਸਾ ਤੋਂ ਬਾਅਦ ਕਈ ਹੋਰ ਪ੍ਰਮੁੱਖ ਆਗੂ ਤੇ ਕੁੱਝ ਵਿਧਾਇਕ ਬਾਦਲ ਦਲ ਦੀ ਬੇੜੀ ਵਿਚੋਂ ਉਤਰਨਦੀਤਿਆਰੀਵਿਚ

ਏਜੰਸੀ

ਖ਼ਬਰਾਂ, ਪੰਜਾਬ

ਸਿਰਸਾ ਤੋਂ ਬਾਅਦ ਕਈ ਹੋਰ ਪ੍ਰਮੁੱਖ ਆਗੂ ਤੇ ਕੁੱਝ ਵਿਧਾਇਕ ਬਾਦਲ ਦਲ ਦੀ ਬੇੜੀ 'ਵਿਚੋਂ ਉਤਰਨ ਦੀ ਤਿਆਰੀ ਵਿਚ

image

 

ਸੱਤਾਧਿਰ ਕਾਂਗਰਸ ਦੇ ਕਈ ਵਿਧਾਇਕ ਤੇ ਆਗੂ ਵੀ ਬਦਲੀਆਂ ਸਥਿਤੀਆਂ ਵਿਚ ਕੈਪਟਨ ਦੀ ਪਾਰਟੀ ਵਲ ਝਾਕਣ ਲੱਗੇ

ਚੰਡੀਗੜ੍ਹ, 2 ਦਸੰਬਰ (ਭੁੱਲਰ) : ਤਿੰਨ ਖੇਤੀ ਕਾਨੂੰਨ ਮੋਦੀ ਸਰਕਾਰ ਵਲੋਂ ਸੰਸਦ 'ਚ ਰੱਦ ਕਰ ਦੇਣ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਤੇਜ਼ੀ ਨਾਲ ਉਲਟ-ਪੁਲਟ ਹੁੰਦੇ ਵਿਖਾਈ ਦੇ ਰਹੇ ਹਨ | ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਅਕਾਲੀ ਦਲ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਦੇ ਫ਼ੈਸਲੇ ਦਾ ਵੀ ਅਕਾਲੀ ਸਫ਼ਾਂ 'ਚ ਵੱਡਾ ਅਸਰ ਨਜ਼ਰ ਆ ਰਿਹਾ ਹੈ | ਸਿਰਸਾ ਸੁਖਬੀਰ ਤੇ ਮਜੀਠੀਆ ਦੇ ਖ਼ਾਸਮ ਖ਼ਾਸ ਅਤੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਸਨ |
ਸ਼ੋ੍ਰਮਣੀ ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਦਲ ਦੇ ਕਈ ਵਿਧਾਇਕ ਅਤੇ ਕੁੱਝ ਹੋਰ ਪ੍ਰਮੁੱਖ ਆਗੂ ਵੀ ਸਿਆਸੀ ਸਥਿਤੀ ਨੂੰ  ਬਦਲਦਿਆਂ ਵੇਖ ਬਾਦਲ ਦਲ ਦੀ ਬੇੜੀ 'ਚੋਂ ਉਤਰਨ ਦੀ ਤਿਆਰੀ 'ਚ ਹਨ | ਸਿਰਸਾ ਤੋਂ ਬਾਅਦ ਮਜੀਠੀਆ ਦੇ ਇਕ ਹੋਰ ਖ਼ਾਸਮ ਖ਼ਾਸ ਅਕਾਲੀ ਆਈ.ਟੀ. ਵਿੰਗ ਦੇ ਸਾਬਕਾ ਮੁਖੀ ਪਰਮਿੰਦਰ ਬਰਾੜ ਵੀ ਭਾਜਪਾ 'ਚ ਸ਼ਾਮਲ ਹੋਏ ਹਨ |
ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਵੀ ਭਾਜਪਾ ਵਲ ਰੁਖ ਕਰਨ ਦੀਆਂ ਖ਼ਬਰਾਂ ਮੀਡੀਆ ਦੇ ਇਕ ਹਿੱਸੇ 'ਚ ਚੱਲੀਆਂ ਸਨ ਭਾਵੇਂ ਕਿ ਉਨ੍ਹਾਂ ਨੇ ਇਨ੍ਹਾਂ ਖ਼ਬਰਾਂ ਨੂੰ  ਗ਼ਲਤ ਕਰਾਰ ਦਿਤਾ ਹੈ | ਸੂਤਰਾਂ ਮੁਤਾਬਕ ਸੁਖਬੀਰ ਦੀ ਕਾਰਜਸ਼ੈਲੀ ਤੋਂ ਕਈ ਆਗੂ ਔਖੇ ਹਨ ਕਿਉਂਕਿ ਉਹ ਅਪਣੀ ਮਰਜ਼ੀ ਨਾਲ ਹੀ ਉਮੀਦਵਾਰ ਐਲਾਨੀ ਜਾ ਰਹੇ ਹਨ ਅਤੇ ਖ਼ੁਦ ਨੂੰ  ਹੀ ਮੁੱਖ ਮੰਤਰੀ ਦਾ ਚਿਹਰਾ ਵੀ ਦਸ ਦਿਤਾ ਹੈ | ਇਸੇ ਕਾਰਜਸ਼ੈਲੀ ਕਾਰਨ ਹੀ ਵੱਡੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਬਾਦਲ ਦਲ ਤੋਂ ਵੱਖ ਹੋਏ ਸਨ | ਆਉਣ ਵਾਲੇ ਦਿਨਾਂ 'ਚ ਅਕਾਲੀ ਸਿਆਸਤ 'ਚ ਵੱਡੇ ਧਮਾਕੇ ਹੋ ਸਕਦੇ ਹਨ | ਦੂਜੇ ਪਾਸੇ ਸੱਤਾਧਾਰੀ ਪਾਰਟੀ ਕਾਂਗਰਸ 'ਚ ਵੀ ਅੰਦਰੂਨੀ ਸਥਿਤੀ ਜ਼ਿਆਦਾ ਠੀਕ ਨਹੀਂ ਅਤੇ ਹੁਣ ਬਦਲੀਆਂ ਸਥਿਤੀਆਂ 'ਚ ਕਈ ਵਿਧਾਇਕ ਅਤੇ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ, ਕਾਂਗਰਸ ਵਲ ਝਾਕਣ ਲੱਗੇ ਹਨ |
ਪਤਾ ਲੱਗਾ ਹੈ ਕਿ ਇਹ ਨੇਤਾ ਚੋਣ ਜ਼ਾਬਤਾ ਲੱਗਣ ਦੀ ਉਡੀਕ 'ਚ ਹਨ ਕਿਉਂਕਿ ਹਾਲੇ ਉਨ੍ਹਾਂ ਨੇ ਸਰਕਾਰ ਤੋਂ ਅਪਣੇ ਹਲਕਿਆਂ ਦੇ ਵਿਕਾਸ ਕੰਮ ਕਰਵਾਉਣੇ ਹਨ | ਕਈ ਵਿਧਾਇਕ ਅਜਿਹੇ ਹਨ ਜਿਨ੍ਹਾਂ ਨੂੰ  ਮੁੜ ਟਿਕਟਾਂ ਮਿਲਣ ਦੀ ਉਮੀਦ ਨਹੀਂ | ਲਗਭਗ ਤਿੰਨ ਸੰਸਦ ਮੈਂਬਰ ਅਤੇ ਦੋ ਦਰਜਨ ਵਿਧਾਇਕ ਅੰਦਰਖਾਤੇ ਕੈਪਟਨ ਦੇ ਸੰਪਰਕ 'ਚ ਹਨ | ਦਸਿਆ ਜਾਂਦਾ ਹੈ ਕਿ ਕੈਪਟਨ ਵੀ ਚੋਣ ਜ਼ਾਬਤੇ ਦੀ ਉਡੀਕ 'ਚ ਹਨ ਅਤੇ 15 ਦਸੰਬਰ ਬਾਅਦ ਪੰਜਾਬ 'ਚ ਵੱਡੇ ਸਿਆਸੀ ਧਮਾਕੇ ਹੋਣਗੇ |