ਮੁੱਖ ਮੰਤਰੀ ਚੰਨੀ ਨੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਅਪਣੇ ਲਈ 'ਵਿਸ਼ਵਾਸਜੀਤ ਸਿੰਘ' ਨਾਂ ਚੁਣਿਆ,

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਚੰਨੀ ਨੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਅਪਣੇ ਲਈ 'ਵਿਸ਼ਵਾਸਜੀਤ ਸਿੰਘ' ਨਾਂ ਚੁਣਿਆ, 'ਐਲਾਨਜੀਤ' ਨਹੀਂ

image

 'ਐਲਾਨਜੀਤ' ਨਹੀਂ


70 ਦਿਨਾਂ ਵਿਚ ਲਾਗੂ 60 ਫ਼ੈਸਲਿਆਂ ਦੇ ਨੋਟੀਫ਼ੀਕੇਸ਼ਨ ਪੇਸ਼ ਕਰ ਕੇ ਵਿਰੋਧੀਆਂ ਨੂੰ  ਦਿਤਾ ਜਵਾਬ

ਚੰਡੀਗੜ੍ਹ, 2 ਦਸੰਬਰ (ਗੁਰਉਪਦੇਸ਼ ਭੁੱਲਰ): ਵਿਰੋਧੀ ਪਾਰਟੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਪਰ ਸਿਰਫ਼ ਫੋਕੇ ਐਲਾਨ ਕੀਤੇ ਜਾਣ ਦੇ ਲਾਏ ਜਾ ਰਹੇ ਦੋਸ਼ਾਂ ਦਾ ਅੰਕੜਿਆਂ ਤੇ ਤੱਥਾਂ ਸਹਿਤ ਜਵਾਬ ਦੇਣ ਲਈ ਅੱਜ ਇਥੇ ਇਕ ਵੱਡੇ ਹੋਟਲ ਵਿਚ ਪ੍ਰੈਸ ਕਾਨਫ਼ਰੰਸ ਕਰ ਕੇ ਉਨ੍ਹਾਂ ਅਪਣਾ 70 ਦਿਨ ਦਾ ਰੀਪੋਰਟ ਕਾਰਡ ਪੇਸ਼ ਕੀਤਾ | ਉਨ੍ਹਾਂ ਥੋੜ੍ਹੇ ਹੀ ਸਮੇਂ ਵਿਚ 60 ਫ਼ੈਸਲੇ ਲਾਗੂ ਕਰਨ ਦਾ ਦਾਅਵਾ ਕਰਦਿਆਂ ਸਬੂਤ ਵਜੋਂ ਜਾਰੀ ਹੋ ਚੁੱਕੇ ਨੋਟੀਫ਼ੀਕੇਸ਼ਨ ਵੀ ਦਿਖਾਏ |
60 ਫ਼ੈਸਲਿਆਂ ਦਾ ਰੀਪੋਰਟ ਕਾਰਡ ਵੱਡੇ ਕਿਤਾਬਚੇ ਦੇ ਰੂਪ ਵਿਚ ਪੇਸ਼ ਕਰਦਿਆਂ ਚੰਨੀ ਨੇ ਕਿਹਾ ਕਿ ਇਹ ਚੰਨੀ ਸਰਕਾਰ ਨਹੀਂ ਬਲਕਿ ਚੰਗੀ ਸਰਕਾਰ ਹੈ | ਉਹ ਅਪਣੇ ਪਿੰਡੇ 'ਤੇ ਗ਼ਰੀਬੀ ਦਾ ਜੀਵਨ ਬਤੀਤ ਕਰਦਿਆਂ ਹੰਢਾਈਆਂ ਮੁਸ਼ਕਲਾਂ ਦਾ ਹੱਲ ਕਰ ਰਹੇ ਹਨ | ਆਮ ਆਦਮੀ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸਰਕਾਰ ਸਿੱਖ ਗੁਰੂਆਂ ਦੇ ਸਿਧਾਂਤਾਂ ਉਪਰ ਚਲਦਿਆਂ ਸਰਬੱਤ ਦੇ ਭਲੇ ਲਈ ਕਦਮ ਉਠਾ ਰਹੀ ਹੈ | ਸਮਾਜਕ ਸਮਾਨਤਾ ਤੇ ਸੱਭ ਦੇ ਕਲਿਆਣ 'ਤੇ ਆਧਾਰਤ ਉਨ੍ਹਾਂ ਦਾ ਮਾਡਲ ਹੈ | ਥੋੜ੍ਹੇ ਹੀ ਸਮੇਂ ਵਿਚ ਕੀਤੇ ਕੰਮ ਇਸ ਦੀ ਗਵਾਹੀ ਭਰਦੇ ਹਨ | ਉਹ 'ਰਘੂਕੁੁਲ ਰੀਤ ਸਦਾ ਚਲੀ ਆਏ, ਪ੍ਰਾਣ ਜਾਏ ਪਰ ਵਚਨ ਨਾ ਜਾਏ' ਦੇ ਸਿਧਾਂਤ ਨੂੰ  ਲੈ ਕੇ ਚਲ ਰਹੇ ਹਨ |
ਉਨ੍ਹਾਂ ਵਿਰੋਧੀਆਂ ਵਲੋਂ ਲਾਏ ਜਾ ਰਹੇ ਝੂਠੇ ਐਲਾਨ ਕਰਨ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਐਲਾਨਜੀਤ ਨਹੀਂ ਹਨ ਅਤੇ ਵਿਸ਼ਵਾਸਜੀਤ ਸਿੰਘ ਬਣਨਗੇ | ਉਨ੍ਹਾਂ ਬਿਨਾਂ ਕੇਜਰੀਵਾਲ ਦਾ ਨਾਂ ਲਏ ਕਿਹਾ ਕਿ ਦਿੱਲੀਉ ਆ ਕੇ ਪੰਜਾਬ ਵਿਚ ਐਲਾਨ ਕਰਨ ਵਾਲੇ ਲੋਕਾਂ ਨੂੰ  ਭਰਮਾ ਕੇ ਪੰਜਾਬ ਨੂੰ  ਲੁੱਟਣਾ ਚਾਹੁੰਦੇ ਹਨ | ਚਿੱਟੇ ਅੰਗਰੇਜ਼ਾਂ ਦੀ ਥਾਂ ਕਾਲੇ ਅੰਗਰੇਜ਼ ਆ ਰਹੇ ਹਨ |

ਉਨ੍ਹਾ ਸਵਾਲ ਕੀਤਾ ਕਿ ਜਿਹੜੇ ਐਲਾਨ ਉਹ ਪੰਜਾਬ ਵਿਚ ਆ ਕੇ ਕਰਦੇ ਹਨ,
ਉਹੀ ਕੰਮ ਪਹਿਲਾਂ ਅਪਣੇ ਰਾਜ ਦਿੱਲੀ ਵਿਚ ਕਿਉਂ ਨਹੀਂ ਕਰਦੇ? ਬੇਅਦਬੀ ਅਤੇ ਨਸ਼ਿਆਂ ਦੇ ਵੱਡੇ ਮੁੱਦਿਆਂ ਬਾਰੇ ਪੁਛੇ ਸਵਾਲਾਂ ਦਾ ਜਵਾਬ ਵਿਚ ਉਨ੍ਹਾਂ ਇਨ੍ਹਾਂ ਮਾਮਲਿਆਂ ਨੂੰ  ਸੰਵੇਦਨਸ਼ੀਲ ਦਸਦੇ ਹੋਏ ਟਿਪਣੀ ਕਰਨ ਤੋਂ ਇਨਕਾਰ ਕੀਤਾ ਪਰ ਇੰਨਾ ਕਿਹਾ ਕਿ ਹਰ ਮਾਮਲੇ ਦਾ ਇਨਸਾਫ਼ ਹੋਵੇਗਾ |
ਉਨ੍ਹਾਂ ਕਿਹਾ ਕਿ ਅਸੀ ਨਹੀਂ ਚਾਹੁੰਦੇ ਕਿ ਸਾਡੇ ਉਪਰ ਕੋਰਟਾਂ ਦੇ ਮਾਮਲਿਆਂ ਵਿਚ ਦਖ਼ਲ ਦੇ ਦੋਸ਼ ਲੱਗਣ | ਇਸ ਤੋਂ ਸਪੱਸ਼ਟ ਹੈ ਕਿ ਚੰਨੀ ਸਰਕਾਰ ਵੀ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕੰਮ ਕਰਨਾ ਚਾਹੁੰਦੀ ਹੈ |  ਪ੍ਰੈਸ ਕਾਨਫ਼ਰੰਸ ਦੌਰਾਨ ਹੀ ਚੰਨੀ ਕਈ ਵਾਰ ਭਾਵੁਕ ਹੁੰਦਿਆਂ ਅਪਣੇ ਗ਼ਰੀਬੀ ਜੀਵਨ ਦੇ ਦਿਨਾਂ ਦੀਆਂ ਗੱਲਾਂ ਵੀ ਦਸਦੇ ਰਹੇ |