ਬੰਗਾਲ ਦੀ ਖਾੜੀ ’ਚ ਪੈਦਾ ਹੋ ਰਿਹੈ ਚੱਕਰਵਾਤੀ ਤੂਫ਼ਾਨ ‘ਜਵਾਦ’
ਬੰਗਾਲ ਦੀ ਖਾੜੀ ’ਚ ਪੈਦਾ ਹੋ ਰਿਹੈ ਚੱਕਰਵਾਤੀ ਤੂਫ਼ਾਨ ‘ਜਵਾਦ’
ਨਵੀਂ ਦਿੱਲੀ, 2 ਦਸੰਬਰ : ਬੰਗਾਲ ਦੀ ਖਾੜੀ ਵਿਚ ਪੈਦਾ ਹੋਏ ਚੱਕਰਵਾਤੀ ਤੂਫ਼ਾਨ ‘ਜਵਾਦ’ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਉੱਚ ਪਧਰੀ ਬੈਠਕ ਕੀਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਬੈਠਕ ਵਿਚ ਕੈਬਨਿਟ ਸਕੱਤਰ ਰਾਜੀਵ ਗਾਊਬਾ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸਮੇਤ ਕੁੱਝ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਮੋਦੀ ਨੇ ਅਧਿਕਾਰੀਆਂ ਨੂੰ ਜੋਖ਼ਮ ਵਾਲੇ ਖੇਤਰਾਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਹਰ ਸੰਭਵ ਉਪਾਅ ਯਕੀਨੀ ਕਰਨ ਦੇ ਨਿਰਦੇਸ਼ ਦਿਤੇ ਹਨ। ਇਕ ਸਰਕਾਰੀ ਬਿਆਨ ਅਨੁਸਾਰ ਮੋਦੀ ਨੇ ਬੈਠਕ ’ਚ ਕਿਹਾ ਕਿ ਜ਼ਰੂਰੀ ਸੇਵਾਵਾਂ ਬਣਾਈ ਰੱਖਣ ਲਈ ਹਰ ਸੰਭਵ ਉਪਾਅ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ’ਚ ਰੁਕਾਵਟ ਆਉਂਦੀ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਬਹਾਲ ਕਰਨ ਦੀ ਕੋਸ਼ਿਸ਼ ਹੋਵੇ। ਸਾਰੇ ਮੰਤਰਾਲਿਆਂ ਅਤੇ ਏਜੰਸੀਆਂ ਨੂੰ ਮਿਲਜੁਲ ਕੇ ਇਸ ਤਰ੍ਹਾਂ ਕੰਮ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਤੂਫ਼ਾਨ ਨਾਲ ਨੁਕਸਾਨ ਘੱਟ ਤੋਂ ਘੱਟ ਹੋਵੇ।
ਰਾਸ਼ਟਰੀ ਆਫਤ ਕਾਰਵਾਈ ਫੋਰਸ (ਐੱਨ.ਡੀ.ਆਰ.ਐੱਫ਼.) ਨੇ ਤੂਫਾਨ ਦੇ ਖਤਰੇ ਵਾਲੇ ਖੇਤਰਾਂ ’ਚ ਪਹਿਲਾਂ ਹੀ 29 ਟੀਮਾਂ ਭੇਜ ਦਿਤੀਆਂ ਹਨ। ਉਨ੍ਹਾਂ ਨਾਲ ਕਿਸ਼ਤੀ, ਦਰੱਖਤ ਕੱਟਣ ਵਾਲੀ ਆਰੀ, ਦੂਰਸੰਚਾਰ ਯੰਤਰ ਆਦਿ ਵੀ ਭੇਜੇ ਗਏ ਹਨ। (ਪੀਟੀਆਈ)
ਅਜਿਹਾ ਖ਼ਦਸ਼ਾ ਹੈ ਕਿ ਚੱਕਰਵਾਤ ਆਂਧਰਾ ਪ੍ਰਦੇਸ਼, ਉੜੀਸਾ ਅਤੇ ਪਛਮੀ ਬੰਗਾਲ ਦੇ ਕੰਢੀ ਇਲਾਕਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਦਾ ਅੰਦਾਜ਼ਾ ਹੈ ਕਿ ਇਕ ਚੱਕਰਵਾਤੀ ਤੂਫ਼ਾਨ ‘ਜਵਾਦ’ ਸਨਿਚਰਵਾਰ ਸਵੇਰੇ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਸਮੁੰਦਰੀ ਖੇਤਰਾਂ ਵਿਚ ਪਹੁੰਚ ਸਕਦਾ ਹੈ। ਉੜੀਸਾ ਸਰਕਾਰ ਨੇ ਸੂਬੇ ਦੇ 13 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਲੋਕਾਂ ਨੂੰ ਸਮੁੰਦਰੀ ਕੰਢੇ ਦੇ ਖੇਤਰਾਂ ਵਿਚੋਂ ਕੱਢਣ ਅਤੇ ਰਾਹਤ ਅਤੇ ਬਚਾਅ ਕਾਰਜਾਂ ਲਈ ਤਿਆਰ ਰਹਿਣ ਲਈ ਕਿਹਾ ਹੈ। (ਪੀਟੀਆਈ)