ਪੰਜਾਬ ਦੇ ਹਰ ਬੱਚੇ ਨੂੰ ਮੁਫ਼ਤ ਸਿਖਿਆ ਦਿਤੀ ਜਾਵੇਗੀ : ਕੇਜਰੀਵਾਲ
ਪੰਜਾਬ ਦੇ ਹਰ ਬੱਚੇ ਨੂੰ ਮੁਫ਼ਤ ਸਿਖਿਆ ਦਿਤੀ ਜਾਵੇਗੀ : ਕੇਜਰੀਵਾਲ
ਕਿਹਾ, ਫ਼ੌਜ ਦੇ ਸ਼ਹੀਦ ਜਵਾਨਾਂ ਦੇ ਪ੍ਰਵਾਰਾਂ ਨੂੰ ਦੇਵਾਂਗੇ ਇਕ ਕਰੋੜ ਸਨਮਾਨ ਰਾਸ਼ੀ
ਪਠਾਨਕੋਟ, 2 ਦਸੰਬਰ (ਦਿਨੇਸ਼ ਭਾਰਦਵਾਜ): ਆਮ ਆਦਮੀ ਪਾਰਟੀ ਵਲੋਂ ਅੱਜ ਪਠਾਨਕੋਟ ਵਿਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿਚ ਜ਼ਿਲ੍ਹਾ ਪਠਾਨਕੋਟ ਦੇ ਨਾਲ-ਨਾਲ ਪੰਜਾਬ ਭਰ ਤੋਂ 'ਆਪ' ਆਗੂ ਤਿਰੰਗਾ ਯਾਤਰਾ ਵਿਚ ਹਿੱਸਾ ਲੈਣ ਲਈ ਪਠਾਨਕਟ ਪੁੱਜੇ | ਇਸ ਦÏਰਾਨ ਗੱਡੀ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਆਪ ਸੰਸਦ ਮੈਂਬਰ ਭਗਵੰਤ ਮਾਨ, ਹਲਕਾ ਇੰਚਾਰਜ ਵਿਭੂਤੀ ਸ਼ਰਮਾ, ਲਾਲ ਚੰਦ ਕਟਾਰੂਚੱਕ ਅਤੇ ਹੋਰ ਆਗੂ ਮÏਜੂਦ ਸਨ |
ਤਿਰੰਗਾ ਯਾਤਰਾ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਲਈ ਦੋ ਵੱਡੇ ਐਲਾਨ ਕੀਤੇ | ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿਚ ਪੈਦਾ ਹੋਣ ਵਾਲੇ ਹਰ ਇਕ ਬੱਚੇ ਨੂੰ ਮੁਫ਼ਤ ਅਤੇ ਚੰਗੀ ਸਿਖਿਆ ਦਿਤੀ ਜਾਵੇ | ਗ਼ਰੀਬ ਬੱਚਿਆਂ ਨੂੰ ਵੀ ਬਾਕੀ ਬੱਚਿਆਂ ਦੀ ਤਰ੍ਹਾਂ ਮੁਫ਼ਤ ਅਤੇ ਬਿਹਤਰ ਸਿਖਿਆ ਦਿਤੀ ਜਾਵੇਗੀ | ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਰਗੀ ਸਿਖਿਆ ਪ੍ਰਣਾਲੀ ਉਹ ਪੰਜਾਬ 'ਚ ਲੈ ਕੇ ਆਉਣਗੇ ਤਾਕਿ ਬੱਚੇ ਪੜ੍ਹ ਲਿਖ ਕੇ ਮਾਂ ਪਿਉ ਦੇ ਸੁਫ਼ਨੇ ਪੂਰੇ ਕਰ ਸਕਣ | ਇਸ ਨਾਲ ਹੀ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਦੂਜੀ ਗਰੰਟੀ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਰਹਿਣ ਵਾਲੇ ਬਹੁਤ ਸਾਰੇ ਫ਼ੌਜੀ ਜਵਾਨ ਸਰਹੱਦ 'ਤੇ ਸ਼ਹੀਦ ਹੁੰਦੇ ਹਨ |
ਸਰਹੱਦ 'ਤੇ ਸੱਭ ਤੋਂ ਵੱਧ ਪਠਾਨਕੋਟ ਦੇ ਨੌਜਵਾਨ ਸ਼ਹੀਦ ਹੁੰਦੇ ਹਨ, ਜਿਨ੍ਹਾਂ ਨੂੰ ਸਰਕਾਰ ਵਲੋਂ ਕੋਈ ਸਹੂਲਤ ਨਹੀਂ ਦਿਤੀ ਜਾਂਦੀ | ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਜਵਾਨ, ਜੋ ਸਰਹੱਦ 'ਤੇ ਕਿਸੇ ਅਪਰੇਸ਼ਨ ਵਿਚ ਸ਼ਹੀਦ ਹੁੰਦੇ ਹਨ, ਉਨ੍ਹਾਂ ਦੇ ਪ੍ਰਵਾਰ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਅੰਦਰ ਸਰਕਾਰ ਆਉਣ
'ਤੇ ਇਕ ਕਰੋੜ ਰੁਪਏ ਸਨਮਾਨ ਰਾਸ਼ੀ ਵਜੋਂ ਦਿਤੇ ਜਾਣਗੇ | ਕੇਜਰੀਵਾਲ ਨੇ ਇਹ ਵੀ ਐਲਾਨ ਕੀਤਾ ਕਿ
ਜੇਕਰ ਸੱਤਾ ਵਿਚ ਆਉਂਦੀ ਹੈ, ਤਾਂ 'ਆਪ' ਪੰਜਾਬ ਵਿਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਹਰ ਔਰਤ ਦੇ ਖਾਤੇ ਵਿੱਚ ਪ੍ਰਤੀ ਮਹੀਨਾ 1,000 ਰੁਪਏ ਟਰਾਂਸਫਰ ਕਰੇਗੀ | ਮੋਗਾ ਵਿਖੇ ਔਰਤਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਔਰਤਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਇਕ ਮੌਕਾ ਜ਼ਰੂਰ ਦੇਣ |
ਅਪਣੇ ਸੰਬੋਧਨ ਵਿਚ ਕੇਜਰੀਵਾਲ ਨੇ ਮੁੱਖ ਮੰਤਰੀ ਪੰਜਾਬ ਚੰਨੀ ਤੇ ਵਰ੍ਹਦਿਆਂ ਕਿਹਾ ਕਿ ਦਿੱਲੀ ਮਾਡਲ ਦੇ ਸਕੂਲਾਂ ਬਾਰੇ ਗੱਲ ਕਰਨ ਵਾਲੀ ਪੰਜਾਬ ਸਰਕਾਰ ਨੇ ਮਨੀਸ਼ ਸਿਸੋਦੀਆ ਨੂੰ ਸਕੂਲ ਅੰਦਰ ਜਾਣ ਤੋਂ ਰੋਕਣ ਲਈ ਸਕੂਲ ਨੂੰ ਤਾਲੇ ਲਗਾ ਦਿਤੇ | ਜੇਕਰ ਪੰਜ ਸਾਲ ਕੰਮ ਕੀਤੇ ਹੁੰਦੇ ਤੇ ਦਿੱਲੀ ਦੀ ਟੀਮ ਤੋਂ ਡਰ ਕੇ ਸਕੂਲਾਂ ਨੂੰ ਤਾਲੇ ਨਹੀਂ ਲਗਾਉਣੇ ਪੈਂਦੇ | ਉਨ੍ਹਾਂ ਕਿਹਾ ਕਿ ਪਠਾਨਕੋਟ ਗੁਰਦਾਸਪੁਰ ਤੋਂ ਹੀ ਜ਼ਿਆਦਾ ਫ਼ੌਜ ਵਿਚ ਭਰਤੀਆਂ ਹੁੰਦੀਆਂ ਹਨ ਅਤੇ ਸ਼ਹੀਦੀਆਂ ਪ੍ਰਾਪਤ ਕਰਨ ਵਿਚ ਵੀ ਇਹ ਜ਼ਿਲ੍ਹੇ ਸੱਭ ਤੋਂ ਮੋਹਰੀ ਹਨ | ਮੈਨੂੰ ਸ਼ਹੀਦਾਂ ਦੀ ਧਰਤੀ 'ਤੇ ਪਹੁੰਚ ਕੇ ਬਹੁਤ ਫ਼ਖ਼ਰ ਮਹਿਸੂਸ ਹੋ ਰਿਹਾ ਹੈ | ਪੰਜਾਬ ਵਿਚ ਬਿਜਲੀ ਮੰਹਿਗੀ ਹੈ, ਅਸੀਂ ਸਰਕਾਰ ਆਉਣ 'ਤੇ 300 ਯੂਨਿਟ ਬਿਜਲੀ 24 ਘੰਟੇ ਮੁਫ਼ਤ ਦਿਆਂਗੇ | ਪੁਰਾਣੇ ਬਿਲ ਮਾਫ਼ ਕਰਾਂਗੇ | ਕੁਲ 16 ਹਜ਼ਾਰ ਮਹੱਲਾ ਕਲੀਨੀਕ ਬਣਾਏ ਜਾਣਗੇ | ਜਿਹੜੇ ਕੱਚੇ ਮੁਲਾਜ਼ਮ ਹਨ ਸਾਰੇ ਪੱਕੇ ਕੀਤੇ ਜਾਣਗੇ |
ਪੀਟੀਕੇ -ਦਿਨੇਸ਼ ਭਾਰਦਵਾਜ -2-3
ਫੋਟੋ ਕੈਪਸ਼ਨ- ਪਠਾਨਕੋਟ ਪਹੁੰਚੇ ਅਰਵਿੰਦ ਕੇਜਰੀਵਾਲ ਦੇ ਵੱਖ ਵੱਖ ਅੰਦਾਜ |