ਸੈਂਸੈਕਸ ਦੀ 777 ਅੰਕਾਂ ਦੀ ਛਾਲ, ਨਿਫ਼ਟੀ 17,400 ਅੰਕਾਂ ਤੋਂ ਉਪਰ ਹੋਇਆ ਬੰਦ
ਸੈਂਸੈਕਸ ਦੀ 777 ਅੰਕਾਂ ਦੀ ਛਾਲ, ਨਿਫ਼ਟੀ 17,400 ਅੰਕਾਂ ਤੋਂ ਉਪਰ ਹੋਇਆ ਬੰਦ
ਮੁੰਬਈ, 2 ਦਸੰਬਰ : ਸ਼ੇਅਰ ਬਾਜ਼ਾਰਾਂ ’ਚ ਵੀਰਵਾਰ ਨੂੰ ਵੀ ਤੇਜ਼ੀ ਦਾ ਸਿਲਸਿਲਾ ਜਾਰੀ ਰਿਹਾ ਅਤੇ ਬੀ.ਐਸ.ਈ. ਸੈਂਸੈਕਸ 777 ਅੰਕਾਂ ਦੇ ਉਛਾਲ ਨਾਲ ਬੰਦ ਹੋਇਆ। ਵਿਸ਼ਵ ਪੱਧਰ ’ਤੇ ਨਕਾਰਾਤਮਕ ਰੁਝਾਨ ਦੇ ਬਾਵਜੂਦ, ਸੂਚਕਾਂਕ ’ਚ ਮਜ਼ਬੂਤ ਹਿੱਸੇਦਾਰੀ ਰੱਖਣ ਵਾਲੇ ਐਚਡੀਐਫਸੀ ਬੈਂਕ, ਐਚਡੀਐਫ਼ਸੀ, ਇਨਫ਼ੋਸਿਸ ਅਤੇ ਟੀਸੀਐਸ ਵਿੱਚ ਵਾਧੇ ਨਾਲ ਬਾਜ਼ਾਰ ਮਜ਼ਬੂਤ ਹੋਇਆ।
30 ਸ਼ੇਅਰਾਂ ’ਤੇ ਆਧਾਰਤ ਸੂਚਕ ਅੰਕ ਸੈਂਸੈਕਸ 776.50 ਅੰਕ ਭਾਵ 1.35 ਫ਼ੀ ਸਦੀ ਦੀ ਤੇਜ਼ੀ ਨਾਲ 58,461.29 ’ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕ ਅੰਕ ਨਿਫ਼ਟੀ 234.75 ਅੰਕ ਭਾਵ 1.37 ਫ਼ੀ ਸਦੀ ਵਧ ਕੇ 17,401.65 ’ਤੇ ਪਹੁੰਚ ਗਿਆ। ਐਚਡੀਐਫ਼ਸੀ ਸੈਂਸੈਕਸ ਸਟਾਕਾਂ ਵਿਚੋਂ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਾ ਸੀ, ਲਗਭਗ ਚਾਰ ਫ਼ੀ ਸਦੀ ਵੱਧ। ਇਸ ਤੋਂ ਇਲਾਵਾ ਪਾਵਰਗਰਿੱਡ, ਸਨ ਫ਼ਾਰਮਾ, ਟਾਟਾ ਸਟੀਲ, ਟੇਕ ਮਹਿੰਦਰਾ ਅਤੇ ਬਜਾਜ ਫ਼ਿਨਸਰਵ ’ਚ ਵੀ ਵਾਧਾ ਹੋਇਆ। ਦੂਜੇ ਪਾਸੇ ਆਈਸੀਆਈਸੀਆਈ ਬੈਂਕ ਅਤੇ ਐਕਸਿਸ ਬੈਂਕ ਸੱਭ ਤੋਂ ਵੱਧ ਘਾਟੇ ਵਾਲੇ ਹਨ।
ਜਿਉਜੀਤ ਫ਼ਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰਾਂ ’ਚ ਕਮਜ਼ੋਰ ਰੁਖ਼ ਦੇ ਬਾਵਜੂਦ ਘਰੇਲੂ ਸੂਚਕਾਂਕ ’ਚ ਵਾਧਾ ਜਾਰੀ ਹੈ। ਮਜ਼ਬੂਤ ਘਰੇਲੂ ਮੈਕਰੋ-ਆਰਥਕ ਅੰਕੜਿਆਂ ਦੇ ਵਿਚਕਾਰ ਮੁੱਖ ਤੌਰ ’ਤੇ ਆਈਟੀ, ਵਿੱਤੀ ਅਤੇ ਮੈਟਲ ਸਟਾਕਾਂ ਵਿੱਚ ਬਾਜ਼ਾਰ ਮਜ਼ਬੂਤ ਹੋਏ। ਹੋਰ ਏਸ਼ੀਆਈ ਬਾਜ਼ਾਰਾਂ ’ਚ ਹਾਂਗਕਾਂਗ ਦਾ ਹੈਂਗ ਸੇਂਗ ਅਤੇ ਦਖਣੀ ਕੋਰੀਆ ਦਾ ਕੋਸਪੀ ਲਾਲ ਰੰਗ ’ਚ ਰਿਹਾ, ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਜਾਪਾਨ ਦਾ ਨਿੱਕੇਈ ਘਾਟੇ ’ਚ ਬੰਦ ਹੋਏ। (ਏਜੰਸੀ)