ਭਾਰਤ ਵਿਚ ਕੋਰੋਨਾ ਦੇ ਸੱਭ ਤੋਂ ਖ਼ਤਰਨਾਕ ਰੂਪ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਵਿਚ ਕੋਰੋਨਾ ਦੇ ਸੱਭ ਤੋਂ ਖ਼ਤਰਨਾਕ ਰੂਪ

image

ਬੰਗਲੁਰੂ ’ਚ ਇਕ ਵਿਦੇਸ਼ੀ ਤੇ ਇਕ ਸਥਾਨਕ ਨਾਗਰਿਕ ’ਚ 

ਨਵੀਂ ਦਿੱਲੀ, 2 ਦਸੰਬਰ : ਕੋਰੋਨਾ ਦੇ ਹੁਣ ਤਕ ਦਾ ਸੱਭ ਖ਼ਤਰਨਾਕ ਰੂਪ ‘ਓਮੀਕਰੋਨ’ ਨੇ ਦੇਸ਼ ਵਿਚ ਪੈਰ ਧਰ ਲਿਆ ਹੈ। ਦੇਸ਼ ਵਿਚ ਇਸ ਕੋਰੋਨਾ ਰੂਪ ਦੇ ਪਹਿਲੇ ਦੋ ਮਰੀਜ਼ ਕਰਨਾਟਕ ਵਿਚ ਮਿਲੇ ਹਨ। ਇਨ੍ਹਾਂ ਵਿਚੋਂ ਇਕ ਦੀ ਉਮਰ 46 ਅਤੇ ਦੂਜੇ ਦੀ 66 ਸਾਲ ਹੈ। ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਇਕ ਮਰੀਜ਼ ਅਫ਼ਰੀਕੀ ਤੇ ਦੂਜਾ ਸਥਾਨਕ ਨਾਗਰਿਕ ਹੈ। ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਨਗਰ ਨਿਗਮ ਨੇ ਦਸਿਆ ਕਿ ਸਥਾਨਕ ਵਿਅਕਤੀ ਦੇ ਸੰਪਰਕ ਵਿਚ ਆਏ ਪੰਜ ਲੋਕਾਂ ਦੀ ਜਾਂਚ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਅਤੇ ਉਨ੍ਹਾਂ ਦੇ ਨਮੂਨੇ ਜੀਨੋਮਿਕ ਸੀਕਵੇਂਸਿੰਗ ਲਈ ਭੇਜੇ ਗਏ ਹਨ। ਅਧਿਕਾਰੀਆਂ ਮੁਤਾਬਕ ਓਮੀਕਰੋਨ ਦੀ ਪੁਸ਼ਟੀ ਵਾਲੇ ਦੋਹਾਂ ਲੋਕਾਂ ਨੇ ਕੋਰੋਨਾ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲਈਆਂ ਹੋਈਆਂ ਸਨ।
  ਬੀਬੀਐਮਪੀ ਦੇ ਮੁੱਖ ਕਮਿਸ਼ਨਰ ਗੌਰਵ ਗੁਪਤਾ ਨੇ ਕਿਹਾ,‘‘ਕਿਰਪਾ ਕਰ ਕੇ ਗੌਰ ਕਰੋ ਕਿ ਦੂਜੇ ਸਥਾਨਕ ਵਿਅਕਤੀ ਨੇ ਕੋਈ ਵਿਦੇਸ਼ ਯਾਤਰਾ ਨਹੀਂ ਕੀਤੀ ਸੀ, ਇਸ ਲਈ ਹੋਰ ਜ਼ਿਆਦਾ ਲੋਕਾਂ ਦੇ ਪੀੜਤ ਹੋਣ ਦੀ ਗੁੰਜਾਇਸ਼ ਹੈ। ਇਸ ਨਵੇਂ ਰੂਪ ਵਿਰੁਧ ਸਤਰਕ ਰਹਿਣ ਦੀ ਲੋੜ ਹੈ।’’ ਉਨ੍ਹਾਂ ਦਸਿਆ ਕਿ ਪਹਿਲਾ ਮਰੀਜ਼ 66 ਸਾਲ ਦਾ ਹੈ, ਜੋ ਦਖਣੀ ਅਫ਼ਰੀਕਾ ਦਾ ਨਾਗਰਿਕ ਹੈ। ਉਹ 20 ਨਵੰਬਰ ਨੂੰ ਬੰਗਲੁਰੂ ਆਇਆ ਸੀ ਅਤੇ ਉਸ ਦੇ ਨਮੂਨੇ ਜੀਨੋਮ ਸੀਕਵੇਂਸਿੰਗ ਲਈ ਭੇਜੇ ਗਏ ਸਨ, ਜਿਸ ਦੀ ਰਿਪੋਰਟ ਅੱਜ ਆਈ ਅਤੇ ਉੁਸ ਦੇ ਓਮੀਕਰੋਨ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਅਫ਼ਰੀਕੀ ਨਾਗਰਿਕ 27 ਨਵੰਬਰ ਨੂੰ ਭਾਰਤ ਤੋਂ ਦੁਬਈ ਲਈ ਰਵਾਨਾ ਹੋ ਗਿਆ ਸੀ। ਹੋਟਲ ਵਿਚ ਇਕਾਂਤਵਾਸ ਦੌਰਾਨ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ।’’ ਉਨ੍ਹਾਂ ਦਸਿਆ ਕਿ ਅਫ਼ਰੀਕੀ ਨਾਗਰਿਕ ਦੇ ਸੰਪਰਕ ਵਿਚ ਸਿੱਧੇ ਤੌਰ ’ਤੇ 24 ਲੋਕ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ 240 ਲੋਕਾਂ ਦੇ ਨਮੂਨਿਆਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ।
 ਆਈ.ਸੀ.ਐਮ.ਆਰ. ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕੋਰੋਨਾ ’ਤੇ ਹੋਣ ਵਾਲੀ ਪੱਤਰਕਾਰ ਵਾਰਤਾ ਵਿਚ ਦਸਿਆ ਕਿ ਸਿਹਤ ਵਿਭਾਗ ਦੀ ਬਣਾਈ ਲੈਬ ਵਿਚ ਟੈਸਟ ਕੀਤੇ ਜਾ ਰਹੇ ਹਨ, ਇਨ੍ਹਾਂ ਵਿਚੋਂ ਕਰਨਾਟਕ ਦੇ ਦੋ ਸੈਂਪਲਾਂ ਵਿਚ ‘ਓਮੀਕਰੋਨ ਦੀ ਪੁਸ਼ਟੀ ਹੋਈ ਹੈ।’’ ਉਨ੍ਹਾਂ ਕਿਹਾ ਘਬਰਾਉਣ ਨਾਲੋਂ ਜਾਗਰੂਕਤਾ ਜ਼ਿਆਦਾ ਜ਼ਰੂਰੀ ਹੈ। ਉਧਰ ਦੇਸ਼ ਵਿਚ ‘ਓਮੀਕਰੋਨ ਦੇ ਦੋ ਮਾਮਲੇ ਸਾਹਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਹਰਕਤ ਵਿਚ ਆ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਮੀਟਿੰਗ ਕਰਨਗੇ। ਮੀਟਿੰਗ ਦੌਰਾਨ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ’ਤੇ ਬੁਧਵਾਰ ਤੋਂ ਸ਼ੁਰੂ ਹੋ ਚੁਕੀ ਕੋਵਿਡ ਟੈਸਟਿੰਗ ਅਤੇ ਨਿਗਰਾਨੀ ਨਾਲ ਜੁੜੇ ਹੁਕਮਾਂ ਦੀ ਸਮੀਖਿਆ ਕੀਤੀ ਜਾਵੇਗੀ। ਨਵੇਂ ਰੂਪ ‘ਓਮੀਕਰੋਨ’ ਦੇ ਖ਼ਤਰੇ ਨੂੰ ਦੇਖਦਿਆਂ ਇਕ ਦਸੰਬਰ ਦੀ ਅੱਧੀ ਰਾਤ ਤੋਂ ਵੀਰਵਾਰ ਤਕ 10 ਯਾਤਰੀਆਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ। ਕਰੀਬ 8 ਹਜ਼ਾਰ ਲੋਕਾਂ ਦਾ ਆਰਟੀ-ਪੀਸੀਆਰ ਟੈਸਟ ਕੀਤਾ ਜਾ ਚੁਕਾ ਹੈ।    
  ਸਿਹਤ ਮੰਤਰਾਲਾ ਨੇ ਵਾਇਰਸ ਦੇ ਇਸ ਨਵੇਂ ਰੂਪ ਬਾਰੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਹਵਾਲੇ ਤੋਂ ਦਸਿਆ ਕਿ ਕੋਰੋਨਾ ਦਾ ‘ਓਮੀਕਰੋਨ’ ਰੂਪ ਡੈਲਟਾ ਦੇ ਮੁਕਾਬਲੇ 5 ਗੁਣਾ ਜ਼ਿਆਦਾ ਖ਼ਤਰਨਾਕ ਹੈ ਅਤੇ ਇਹ ਬਾਕੀ ਦੇ ਮੁਕਾਬਲੇ ਤੇਜ਼ੀ ਨਾਲ ਫੈਲ ਸਕਦਾ ਹੈ। ਸੱਭ ਤੋਂ ਪਹਿਲਾਂ ਦਖਣੀ ਅਫ਼ਰੀਕਾ ਵਿਚ ਕੋਰੋਨਾ ਦੇ ਇਸ ਨਵੇਂ ਰੂਪ ਤੋਂ ਪੀੜਤ ਮਰੀਜ਼ ਦੀ ਪਹਿਚਾਣ ਕੀਤੀ ਗਈ ਸੀ। ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਜਾਣਕਾਰੀ ਦਿਤੀ ਕਿ ਦੇਸ਼ ਵਿਚ ਬੀਤੇ ਇਕ ਮਹੀਨੇ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਕਮੀ ਆ ਰਹੀ ਹੈ।    
  ਭਾਰਤ ਵਿਚ ‘ਓਮੋਕਰੋਨ’ ਰੂਪ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਦੀ ਦੱਖਣ-ਪੂਰਬ ਏਸ਼ੀਆ ਦੀ ਖੇਤੀ ਨਿਰਦੇਸ਼ਕ ਪੂਨਮ ਖੇਤਰਪਾਲ ਸਿੰਘ ਨੇ ਕਿਹਾ,‘‘ਅਸੀਂ ਆਪਸ ਵਿਚ ਜੁੜੀ ਦੁਨੀਆਂ ਵਿਚ ਰਹਿੰਦੇ ਹਾਂ, ਇਸ ਲਈ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ।’’ ਉਨ੍ਹਾਂ ਕਿਹਾ ਕਿ,‘‘ਇਹ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਸਾਰੇ ਦੇਸ਼ ਨਿਗਰਾਨੀ ਵਧਾਉਣ, ਸੁਚੇਤ ਰਹਿਣ, ਵਿਦੇਸ਼ਾਂ ਤੋਂ ਆਉਣ ਵਾਲੇ ਮਾਮਲਿਆਂ ਦਾ ਜਲਦੀ ਪਤਾ ਲਗਾਉਣ ਅਤੇ ਵਾਇਰਸ ਦੇ ਹੋਰ ਜ਼ਿਆਦਾ ਪਸਾਰ ਨੂੰ ਰੋਕਣ ਦੇ ਉਪਾਅ ਕਰਨ।’’ (ਪੀਟੀਆਈ)