ਅਬੋਹਰ ਦੇ ਅੰਤਰੀਵ ਸਿੰਘ ਨੂੰ ਸਿੰਗਾਪੁਰ ਦੀ ਕੰਪਨੀ ਨੇ ਦਿੱਤਾ ਢਾਈ ਕਰੋੜ ਦਾ ਪੈਕੇਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਨਪੁਰ ਆਈਆਈਟੀ ਵਿੱਚ ਕੰਪਿਊਟਰ ਸਾਇੰਸ ਟਰੇਡ ਵਿੱਚ 7ਵੇ ਸਮੈਸਟਰ ਦਾ ਵਿਦਿਆਰਥੀ ਹੈ ਅੰਤਰੀਵ

PHOTO

 

ਅਬੋਹਰ: ਕਾਨਪੁਰ ਆਈਆਈਟੀ ਵਿੱਚ ਪੜ੍ਹ ਰਹੇ ਅਬੋਹਰ ਦੇ ਇੱਕ ਨੌਜਵਾਨ ਦੀ ਸਿੰਗਾਪੁਰ ਦੀ ਇੱਕ ਕੰਪਨੀ ਵਿੱਚ 2.5 ਕਰੋੜ ਰੁਪਏ ਸਾਲਾਨਾ ਦੇ ਪੈਕੇਜ ’ਤੇ ਚੋਣ ਹੋਈ ਹੈ। ਅੰਤਰੀਵ ਸਿੰਘ ਬਰਾੜ ਨੇ 2019 ਵਿੱਚ ਜੇਈਈ ਐਡਵਾਂਸਡ ਵਿੱਚ 115ਵਾਂ ਆਲ ਇੰਡੀਆ ਰੈਂਕ ਹਾਸਲ ਕਰਕੇ ਕਾਨਪੁਰ ਆਈਆਈਟੀ ਵਿੱਚ ਕੰਪਿਊਟਰ ਸਾਇੰਸ ਟਰੇਡ ਵਿੱਚ ਦਾਖ਼ਲਾ ਲਿਆ। ਉਸਦਾ 7ਵਾਂ ਸਮੈਸਟਰ ਚੱਲ ਰਿਹਾ ਹੈ।

ਸਿੰਗਾਪੁਰ ਦੀ ਕੰਪਨੀ ਕੁਆਂਟਬਾਕਸ ਨੇ ਪਹਿਲਾਂ ਹੀ ਇਸ ਨੂੰ 4 ਲੱਖ 10 ਹਜ਼ਾਰ ਸਿੰਗਾਪੁਰ ਡਾਲਰ ਵਿੱਚ ਚੁਣ ਚੁੱਕੀ ਹੈ। 8ਵਾਂ ਸਮੈਸਟਰ ਪੂਰਾ ਹੋਣ ਤੋਂ ਬਾਅਦ ਅੰਤਰੀਵ ਸਿੰਘ ਨੂੰ ਬੈਂਗਲੁਰੂ, ਨੀਦਰਲੈਂਡ, ਸਿੰਗਾਪੁਰ, ਸ਼ਿਕਾਗੋ ਵਿੱਚ ਕਿਤੇ ਵੀ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ ਹੈ। ਅੰਤਰੀਵ ਨੇ ਕਾਨਵੈਂਟ ਸਕੂਲ ਤੋਂ ਮੈਟ੍ਰਿਕ ਅਤੇ ਡੀਏਵੀ ਸਕੂਲ, ਅਬੋਹਰ ਤੋਂ 12ਵੀਂ ਕੀਤੀ। ਵੱਡਾ ਭਰਾ ਨਵਿੰਦਰ ਪਾਲ ਸਿੰਘ ਬਰਾੜ ਵੀ ਕੰਪਿਊਟਰ ਇੰਜਨੀਅਰ ਹੈ ਅਤੇ ਇੱਕ ਕਰੋੜ ਰੁਪਏ ਦੇ ਪੈਕੇਜ ਵਾਲੀ ਅਮਰੀਕਾ ਦੀ ਇੱਕ ਕੰਪਨੀ ਵਿੱਚ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ।

ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਨਾ ਸੁਣਨ ਦੇ ਗੁੱਸੇ ਵਿੱਚ ਅੰਤਰੀਵ ਦੀ ਮਾਤਾ ਰਾਜਦੀਪ ਕੌਰ ਨੇ ਸਰਕਾਰੀ ਅਧਿਆਪਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਖੁਦ ਕਿਸਾਨਾਂ ਦੀ ਜਿੱਤ ਲਈ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਧਰਨੇ 'ਤੇ ਬੈਠ ਗਈ ਸੀ।