ਬਠਿੰਡਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਚਲ ਰਹੇ ਨਸ਼ਾ ਛੁਡਾਊ ਕੇਂਦਰ 'ਤੇ ਪੁਲਿਸ ਵਲੋਂ ਛਾਪੇਮਾਰੀ, ਹੋਏ ਵੱਡੇ ਖ਼ੁਲਾਸੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ੇ ਤੋਂ ਬਚਾਉਣ ਲਈ 20 ਮਰੀਜ਼ਾਂ ਨੂੰ ਬਣਾਇਆ ਸੀ ਬੰਦੀ, ਨਸ਼ਾ ਛੁਡਾਊ ਕੇਂਦਰ ਨੂੰ ਕੀਤਾ ਗਿਆ ਸੀਲ 

Punjab News

ਨਸ਼ਾ ਛੱਡਣ ਲਈ ਇਥੇ ਇਲਾਜ ਕਰਵਾ ਚੁੱਕੇ ਮਰੀਜ਼ਾਂ ਨੂੰ ਹੀ ਸਟਾਫ਼ ਵਜੋਂ ਕੀਤਾ ਭਰਤੀ 
ਬਠਿੰਡਾ :
ਬਠਿੰਡਾ ਦੇ ਡੀਸੀ ਅਤੇ ਸਿਵਲ ਸਰਜਨ ਦੇ ਹੁਕਮਾਂ ’ਤੇ ਅੱਜ ਸਵੇਰੇ ਜ਼ਿਲ੍ਹਾ ਪੱਧਰੀ ਕਮੇਟੀ ਨੇ ਬਠਿੰਡਾ ਵਿੱਚ ਨਾਜਾਇਜ਼ ਤੌਰ ’ਤੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ ਮਾਰਿਆ। ਇਹ ਛਾਪੇਮਾਰੀ ਮਹਾ ਸਿੰਘ ਵਾਲਾ ਮਹਿਰਾਜ ਵਿਖੇ ਚਲਾਏ ਜਾ ਰਹੇ ਆਸ਼ਾ ਨਸ਼ਾ ਛੁਡਾਉ ਕੇਂਦਰ ਵਿਖੇ ਕੀਤੀ ਗਈ। ਜਾਂਚ ਟੀਮ ਨੂੰ ਇਸ ਕੇਂਦਰ ਵਿੱਚੋਂ 20 ਅਜਿਹੇ ਮਰੀਜ਼ ਮਿਲੇ ਹਨ ਜਿਨ੍ਹਾਂ ਨੂੰ ਨਸ਼ਾ ਛੁਡਾਉਣ ਲਈ ਲੰਮੇ ਸਮੇਂ ਤੋਂ ਬੰਦੀ ਬਣਾ ਕੇ ਰੱਖਿਆ ਗਿਆ ਸੀ। ਇੱਥੇ 1-1 ਸਾਲ ਤੋਂ ਕਈ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਪਰ ਇੱਥੇ ਕਿਹੜੇ-ਕਿਹੜੇ ਡਾਕਟਰ ਮਰੀਜ਼ਾਂ ਦਾ ਇਲਾਜ ਕਰਨ ਲਈ ਆ ਰਹੇ ਹਨ, ਫਿਲਹਾਲ ਬਠਿੰਡਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਜਾਂਚ ਵਿੱਚ ਜੁਟੇ ਹੋਏ ਹਨ।

ਜਾਂਚ ਟੀਮ ਨੇ ਕੇਂਦਰ ਵਿੱਚ ਸਟਾਫ ਵਜੋਂ ਕੰਮ ਕਰਦੇ ਲੋਕਾਂ ਸਮੇਤ ਮਰੀਜ਼ਾਂ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਇਸ ਸੈਂਟਰ ਦੇ ਡਾਇਰੈਕਟਰ ਰਣਜੀਤ ਸਿੰਘ ਅਤੇ ਕੁਲਦੀਪ ਸਿੰਘ ਹਨ ਪਰ ਇਹ ਦੋਵੇਂ ਕਿੱਥੋਂ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਕਿੱਥੇ ਹਨ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਗਿਆ ਕਿ ਦੋਵੇਂ ਲੰਬੇ ਸਮੇਂ ਤੋਂ ਇਸ ਨਸ਼ਾ ਛੁਡਾਊ ਕੇਂਦਰ ਨੂੰ ਗੈਰ-ਕਾਨੂੰਨੀ ਢੰਗ ਨਾਲ ਚਲਾ ਰਹੇ ਸਨ। ਪ੍ਰਸ਼ਾਸਨਿਕ ਜਾਂਚ ਟੀਮ ਨੇ ਇਸ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰ ਦਿੱਤਾ ਹੈ। ਫਿਲਹਾਲ ਪ੍ਰਸ਼ਾਸਨ ਅਤੇ ਸਥਾਨਕ ਪੁਲਿਸ ਅਗਲੇਰੀ ਜਾਂਚ 'ਚ ਜੁਟੀ ਹੋਈ ਹੈ।

ਹੈਰਾਨੀਜਨਕ ਗੱਲ ਇਹ ਹੈ ਕਿ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਉਨ੍ਹਾਂ ਹੀ 10 ਵਿਅਕਤੀਆਂ ਨੂੰ ਸਟਾਫ਼ ਵਜੋਂ ਨਸ਼ੇ ਦੀ ਲਤ ਵਿੱਚ ਫਸੇ ਮਰੀਜ਼ਾਂ 'ਤੇ ਨਜ਼ਰ ਰੱਖਣ ਲਈ ਡਿਊਟੀ 'ਤੇ ਲਾਇਆ ਗਿਆ ਹੈ, ਜੋ ਕਿ ਖ਼ੁਦ ਵੀ ਨਸ਼ੇ ਦੇ ਆਦੀ ਸਨ ਅਤੇ ਇਥੇ ਇਲਾਜ ਕਰਵਾ ਚੁੱਕੇ ਹਨ। ਇਹ ਰਿਪੋਰਟ ਮਿਲਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਡੀਸੀ, ਸਿਵਲ ਸਰਜਨ ਅਤੇ ਪੁਲਿਸ ਵੀ ਹਰਕਤ 'ਚ ਆ ਗਈ ਹੈ। ਸੈਂਟਰ ਵਿੱਚ ਪਾਏ ਗਏ ਜ਼ਿਆਦਾਤਰ ਮਰੀਜ਼ ਬਠਿੰਡਾ ਜ਼ਿਲ੍ਹੇ ਦੇ ਵਸਨੀਕ ਹਨ।

ਪ੍ਰਸ਼ਾਸਨਿਕ ਜਾਂਚ ਟੀਮ ਨੇ ਛਾਪੇਮਾਰੀ ਤੋਂ ਬਾਅਦ ਬੰਦੀ ਬਣਾਏ 20 ਮਰੀਜ਼ਾਂ ਨੂੰ ਛੁਡਵਾ ਕੇ ਮਾਨਸਾ ਦੇ ਸਰਕਾਰੀ ਕਾਊਂਸਲਿੰਗ ਅਤੇ ਰੀ-ਹੈਬੀਲੀਟੇਸ਼ਨ ਸੈਂਟਰ ਵਿੱਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਸੈਂਟਰ ਵਿੱਚ ਸਟਾਫ਼ ਵਜੋਂ ਰੱਖੇ ਗਏ 10 ਵਿਅਕਤੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।